ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ ‘ਚ ਸੋਸ਼ਲ ਮੀਡੀਆ ‘ਤੇ ਪਾਬੰਦੀ! ਬੱਚੇ ਨਹੀਂ ਕਰ ਸਕਣਗੇ ਵਰਤੋਂ

ਪੈਰਿਸ : ਫਰਾਂਸ ਸਰਕਾਰ ਹੁਣ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਦੇਸ਼ ਦੀ ਰਾਸ਼ਟਰੀ ਅਸੈਂਬਲੀ ਨੇ ਇੱਕ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਜੋ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਵੇਗਾ। ਇਹ ਫੈਸਲਾ ਔਨਲਾਈਨ ਧੱਕੇਸ਼ਾਹੀ, ਹਿੰਸਾ ਅਤੇ ਮਾਨਸਿਕ ਸਿਹਤ ਜੋਖਮਾਂ ਦੇ ਮੱਦੇਨਜ਼ਰ ਲਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਪ੍ਰਸਤਾਵਿਤ ਕਾਨੂੰਨ ਨਾ ਸਿਰਫ਼ ਫੇਸਬੁੱਕ, ਇੰਸਟਾਗ੍ਰਾਮ, ਟਿੱਕਟੋਕ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾਏਗਾ, ਸਗੋਂ ਡਿਜੀਟਲ ਪਲੇਟਫਾਰਮਾਂ ‘ਤੇ “ਸੋਸ਼ਲ ਨੈੱਟਵਰਕਿੰਗ ਵਿਸ਼ੇਸ਼ਤਾਵਾਂ” ਨੂੰ ਵੀ ਸੀਮਤ ਕਰੇਗਾ ਜੋ ਬੱਚਿਆਂ ਨੂੰ ਔਨਲਾਈਨ ਜੁੜਨ ਦੀ ਆਗਿਆ ਦਿੰਦੇ ਹਨ। ਇਸ ਕਦਮ ਨੂੰ ਨਾਬਾਲਗਾਂ ਨੂੰ ਡਿਜੀਟਲ ਨੁਕਸਾਨ ਤੋਂ ਬਚਾਉਣ ਵੱਲ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਪਹਿਲਾਂ ਨੌਜਵਾਨਾਂ ਵਿੱਚ ਹਿੰਸਾ ਅਤੇ ਹਮਲਾਵਰ ਵਿਵਹਾਰ ਦੇ ਵਾਧੇ ਲਈ ਸੋਸ਼ਲ ਮੀਡੀਆ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ। ਉਨ੍ਹਾਂ ਨੇ ਫਰਾਂਸ ਨੂੰ ਆਸਟ੍ਰੇਲੀਆ ਦੇ ਮਾਡਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਦਸੰਬਰ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਾਗੂ ਕੀਤੀ ਸੀ। ਮੈਕਰੋਨ ਚਾਹੁੰਦੇ ਹਨ ਕਿ ਇਹ ਕਾਨੂੰਨ ਫਰਾਂਸ ਵਿੱਚ ਅਗਲੇ ਅਕਾਦਮਿਕ ਸਾਲ ਤੋਂ ਪਹਿਲਾਂ, ਸਤੰਬਰ ਵਿੱਚ ਲਾਗੂ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਕਾਨੂੰਨ ਨੂੰ ਪੇਸ਼ ਕਰਦੇ ਹੋਏ ਸੈਂਟਰਿਸਟ ਪਾਰਟੀ ਦੇ ਸੰਸਦ ਮੈਂਬਰ ਲੌਰ ਮਿਲਰ ਨੇ ਸੰਸਦ ਵਿੱਚ ਕਿਹਾ ਕਿ ਇਹ ਕਾਨੂੰਨ ਸਮਾਜ ਵਿੱਚ ਸਪੱਸ਼ਟ ਸੀਮਾਵਾਂ ਨਿਰਧਾਰਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਇੱਕ ਨੁਕਸਾਨ ਰਹਿਤ ਮਾਧਿਅਮ ਨਹੀਂ ਹੈ। ਉਨ੍ਹਾਂ ਕਿਹਾ, “ਸਾਡੇ ਬੱਚੇ ਪਹਿਲਾਂ ਨਾਲੋਂ ਘੱਟ ਪੜ੍ਹ ਰਹੇ ਹਨ, ਘੱਟ ਸੌਂ ਰਹੇ ਹਨ, ਅਤੇ ਲਗਾਤਾਰ ਦੂਜਿਆਂ ਨਾਲ ਆਪਣੀ ਤੁਲਨਾ ਕਰ ਕਰ ਰਹੇ ਹਨ। ਇਹ ਆਜ਼ਾਦ ਸੋਚ ਦੀ ਲੜਾਈ ਹੈ।” ਇਸ ਕਾਨੂੰਨ ਨੂੰ ਫਰਾਂਸ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਵੱਲੋਂ ਵਿਆਪਕ ਸਮਰਥਨ ਮਿਲਿਆ ਹੈ।

The post ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ ‘ਚ ਸੋਸ਼ਲ ਮੀਡੀਆ ‘ਤੇ ਪਾਬੰਦੀ! ਬੱਚੇ ਨਹੀਂ ਕਰ ਸਕਣਗੇ ਵਰਤੋਂ appeared first on Punjab Star.

Related Posts