ਇੰਡੀਗੋ ਸੰਕਟ ਬਰਕਰਾਰ: ਲਗਾਤਾਰ 7ਵੇਂ ਦਿਨ 200 ਤੋਂ ਵੱਧ ਉਡਾਣਾਂ ਰੱਦ

ਨਵੀ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਇਸ ਸਮੇਂ ਇੱਕ ਵੱਡੇ ਸੰਕਟ ਨਾਲ ਜੂਝ ਰਹੀ ਹੈ, ਜਿਸਦਾ ਸਿੱਧਾ ਅਸਰ ਘਰੇਲੂ ਉਡਾਣ ਸੇਵਾਵਾਂ ‘ਤੇ ਪਿਆ ਹੈ। ਏਅਰਲਾਈਨ ਦੁਆਰਾ ਵਿਆਪਕ ਉਡਾਣਾਂ ਰੱਦ ਕਰਨ ਕਾਰਨ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ‘ਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅੱਜ ਲਗਾਤਾਰ 7ਵੇਂ ਦਿਨ ਵੀ ਦਿੱਲੀ, ਸ਼੍ਰੀਨਗਰ, ਹੈਦਰਾਬਾਦ ਅਤੇ ਬੰਗਲੁਰੂ ਹਵਾਈ ਅੱਡਿਆਂ ਤੋਂ ਸਵੇਰੇ 9 ਵਜੇ ਤੱਕ 200 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਇੰਡੀਗੋ ਨੇ ਅੱਜ ਦਿੱਲੀ ਹਵਾਈ ਅੱਡੇ ‘ਤੇ 134 ਉਡਾਣਾਂ ਰੱਦ ਕੀਤੀਆਂ ਹਨ, ਜਿਨ੍ਹਾਂ ਵਿੱਚ 75 ਰਵਾਨਗੀ ਅਤੇ 59 ਆਗਮਨ ਸ਼ਾਮਲ ਹਨ। ਬੰਗਲੁਰੂ ਦੇ ਕੈਂਪੇਗੌੜਾ ਹਵਾਈ ਅੱਡੇ ‘ਤੇ ਵੀ 127 ਉਡਾਣਾਂ ਰੱਦ ਕੀਤੀਆਂ ਗਈਆਂ। ਸਥਿਤੀ ਦੇ ਮੱਦੇਨਜ਼ਰ, ਦਿੱਲੀ ਹਵਾਈ ਅੱਡੇ ਨੇ ਸੋਮਵਾਰ ਸਵੇਰੇ 6.30 ਵਜੇ ਯਾਤਰੀਆਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਅਤੇ ਦੱਸਿਆ ਕਿ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਹਵਾਈ ਅੱਡਾ ਪ੍ਰਬੰਧਨ ਨੇ ਕਿਹਾ ਕਿ ਘਰੋਂ ਨਿਕਲਣ ਤੋਂ ਪਹਿਲਾਂ, ਉਡਾਣ ਦੀ ਸਥਿਤੀ ਦੀ ਜਾਂਚ ਜ਼ਰੂਰ ਕਰੋ ਤਾਂ ਜੋ ਹਵਾਈ ਅੱਡੇ ‘ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਕਿਹਾ, “ਸਥਿਤੀ ‘ਚ ਸੁਧਾਰ ਹੋ ਰਿਹਾ ਹੈ। 10 ਦਸੰਬਰ ਤੱਕ ਨੈੱਟਵਰਕ ਦੇ ਸਥਿਰ ਹੋਣ ਦੀ ਉਮੀਦ ਹੈ। ਪਹਿਲਾਂ, ਕੰਪਨੀ ਨੇ 10 ਤੋਂ 15 ਦਸੰਬਰ ਦੇ ਵਿਚਕਾਰ ਆਮ ਸਥਿਤੀ ਦੀ ਗੱਲ ਕਹੀ ਸੀ।” ਦੱਸ ਦਈਏ ਕਿ ਇੰਡੀਗੋ ਨੇ ਹਾਲੀਆ ਉਡਾਣ ਸੰਕਟ ਦੌਰਾਨ ₹610 ਕਰੋੜ ਰੁਪਏ ਰਿਫੰਡ ਕੀਤੇ ਅਤੇ 3,000 ਯਾਤਰੀਆਂ ਨੂੰ ਸਮਾਨ ਵਾਪਸ ਕਰ ਦਿੱਤਾ ਹੈ। ਸਰਕਾਰ ਨੇ ਇਕ ਦਿਨ ਪਹਿਲਾ ਹੀ ਨਿਰਦੇਸ਼ ਦਿੱਤਾ ਸੀ ਕਿ ਰਿਫੰਡ ਐਤਵਾਰ ਰਾਤ 8 ਵਜੇ ਤੱਕ ਪੂਰਾ ਕਰ ਦਿੱਤਾ ਜਾਵੇ ਅਤੇ ਗੁਆਚਿਆ ਸਮਾਨ 48 ਘੰਟਿਆਂ ਦੇ ਅੰਦਰ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਜਾਵੇ। ਆਈਜੀਆਈ ਹਵਾਈ ਅੱਡੇ ਨੇ ਸੂਚਿਤ ਕੀਤਾ ਹੈ ਕਿ ਇੰਡੀਗੋ ਨੇ ਸੋਮਵਾਰ ਨੂੰ ਕੁੱਲ 134 ਉਡਾਣਾਂ ਰੱਦ ਕੀਤੀਆਂ ਹਨ।

The post ਇੰਡੀਗੋ ਸੰਕਟ ਬਰਕਰਾਰ: ਲਗਾਤਾਰ 7ਵੇਂ ਦਿਨ 200 ਤੋਂ ਵੱਧ ਉਡਾਣਾਂ ਰੱਦ appeared first on Punjab Star.

Related Posts