ਉੱਤਰੀ ਭਾਰਤ ‘ਚ ਠੰਢ ਨੇ ਤੋੜੇ ਸਾਰੇ ਰਿਕਾਰਡ! ਪੰਜਾਬ ‘ਚ ਇਸ ਸੀਜ਼ਨ ਦਾ ਪਹਿਲਾਂ ‘ਰੈੱਡ ਅਲਰਟ’ ਜਾਰੀ; ਗੁਰੂਗ੍ਰਾਮ ‘ਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ

ਨਵੀ ਦਿੱਲੀ : ਲੋਹੜੀ ਦਾ ਤਿਉਹਾਰ ਹਰ ਸਾਲ ਦਿੱਲੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਵਰਗੇ ਰਾਜਾਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਲੋਹੜੀ ਦੇ ਮੌਕੇ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੀਜ਼ਨ ਵਿੱਚ ਮੌਸਮ ਵਿਭਾਗ ਨੇ ਪਹਿਲੀ ਵਾਰ ਅਜਿਹਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਠੰਢ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। 15 ਜਨਵਰੀ ਤੱਕ ਕੜਾਕੇ ਦੀ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ। ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਬਣੀ ਰਹੇਗੀ।

ਦੱਸ ਦਈਏ ਠੰਢ ਕਾਰਨ ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਪਹਿਲੀ ਵਾਰ 0.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਹ ਪੰਜਾਬ ਵਿੱਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਠੰਢ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇੱਕ ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ਵਿੱਚ 17-18 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਇਸ ਨਾਲ ਸੁੱਕੀ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਭਾਰੀ ਠੰਢ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਠੰਢ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਰਹੇਗੀ। ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਵੀ ਠੰਢ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਵਿੱਚ ਕੁਝ ਥਾਵਾਂ ‘ਤੇ ਦਿਨ ਵੇਲੇ ਵੀ ਬਹੁਤ ਠੰਢ ਪੈ ਸਕਦੀ ਹੈ।

ਇਸ ਤੋਂ ਇਲਾਵਾ ਦਿੱਲੀ – ਗੁਰੂਗ੍ਰਾਮ ਵਿੱਚ ਵੀ ਠੰਢ ਦਾ ਕਹਿਰ ਜਾਰੀ ਹੈ। ਉੱਤਰੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸ਼ੀਤ ਲਹਿਰ ਚਲ ਰਹੀ ਹੈ। ਮੌਸਮ ਵਿਭਾਗ ਨੇ ਗੁਰੂਗ੍ਰਾਮ ਵਿੱਚ ਰਿਕਾਰਡ ਤੋੜ ਘੱਟੋ-ਘੱਟ ਤਾਪਮਾਨ ਦੇ ਵਿਚਕਾਰ ਅਗਲੇ ਦੋ ਦਿਨਾਂ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਦੇ ਅਧਿਕਾਰਤ ਬੁਲੇਟਿਨ ਅਨੁਸਾਰ, ਗੁਰੂਗ੍ਰਾਮ ਵਿੱਚ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ, ਜਿਸ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਾਰਨੌਲ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ 12 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਅਤੇ 13 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 2-3 ਦਿਨਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਸਣੇ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।

The post ਉੱਤਰੀ ਭਾਰਤ ‘ਚ ਠੰਢ ਨੇ ਤੋੜੇ ਸਾਰੇ ਰਿਕਾਰਡ! ਪੰਜਾਬ ‘ਚ ਇਸ ਸੀਜ਼ਨ ਦਾ ਪਹਿਲਾਂ ‘ਰੈੱਡ ਅਲਰਟ’ ਜਾਰੀ; ਗੁਰੂਗ੍ਰਾਮ ‘ਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ appeared first on Punjab Star.

Related Posts