ਕਾਰ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕ ਜੋੜੇ ਦੇ ਪਰਿਵਾਰ ਲਈ ਸੀਐਮ ਮਾਨ ਵੱਲੋਂ ਵਿਸ਼ੇਸ਼ ਸਹਾਇਤਾ ਦਾ ਐਲਾਨ, ਮੁਆਵਜ਼ਾ ਰਕਮ ਤੋਂ ਅਧਿਆਪਕ ਸੰਗਠਨ ਨਾਖੁਸ਼

ਚੰਡੀਗੜ੍ਹ : ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਮੋਗਾ ਜਿਲ੍ਹੇ ਵਿੱਚ ਚੋਣ ਡਿਊਟੀ ‘ਤੇ ਜਾਂਦੇ ਸਮੇਂ ਕਾਰ ਪਾਣੀ ਦੇ ਸੂਏ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ।

ਸੀਐਮ ਮਾਨ ਨੇ ਅਧਿਆਪਕ ਜੋੜੇ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੀ ਵਿਸ਼ੇਸ਼ ਸਹਾਇਤਾ ਦਾ ਐਲਾਨ ਕੀਤਾ ਹੈ ਹਾਲਾਂਕਿ, ਅਧਿਆਪਕ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਅਧਿਆਪਕ ਸੰਗਠਨਾਂ ਨੇ 2 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਸੀ।

ਦੱਸ ਦਈਏ ਕਿ ਅਧਿਆਪਕ ਸੰਗਠਨਾਂ ਨੇ ਪੰਜਾਬ ਸਰਕਾਰ ਤੋਂ ਆਪਣੇ ਬੱਚਿਆਂ ਲਈ 2 ਕਰੋੜ ਰੁਪਏ ਅਤੇ ਪ੍ਰਤੀ ਬੱਚਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਇਹ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਨੌਕਰੀ ਦੀ ਲਿਖਤੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਬਾਘਾਪੁਰਾਣਾ ਇਲਾਕੇ ਵਿੱਚ ਚੋਣਾਂ ਵਾਲੇ ਦਿਨ 14 ਦਸੰਬਰ ਐਤਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਸੰਗਤਪੁਰਾ ਪਿੰਡ ਨੇੜੇ ਸੰਘਣੀ ਧੁੰਦ ਕਾਰਨ ਵਾਪਰੀ। ਚੋਣ ਡਿਊਟੀ ‘ਤੇ ਜਾਂਦੇ ਸਮੇਂ ਭਾਰੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਨਹਿਰ ਵਿੱਚ ਜਾ ਡਿੱਗੀ। ਦੋਵਾਂ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ ਅਤੇ ਉਸ ਦੇ ਪਤੀ ਜਸਕਰਨ ਸਿੰਘ ਵਜੋਂ ਹੋਈ ਸੀ। ਦੋਵੇਂ ਮੋਗਾ ਜ਼ਿਲ੍ਹੇ ਵਿੱਚ ਸਕੂਲ ਅਧਿਆਪਕ ਸਨ। ਜਾਣਕਾਰੀ ਅਨੁਸਾਰ, ਕਮਲਜੀਤ ਕੌਰ ਸੰਗਤਪੁਰਾ ਪਿੰਡ ਦੇ ਇੱਕ ਪੋਲਿੰਗ ਬੂਥ ’ਤੇ ਚੋਣ ਡਿਊਟੀ ਲਈ ਤਾਇਨਾਤ ਸੀ।

The post ਕਾਰ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕ ਜੋੜੇ ਦੇ ਪਰਿਵਾਰ ਲਈ ਸੀਐਮ ਮਾਨ ਵੱਲੋਂ ਵਿਸ਼ੇਸ਼ ਸਹਾਇਤਾ ਦਾ ਐਲਾਨ, ਮੁਆਵਜ਼ਾ ਰਕਮ ਤੋਂ ਅਧਿਆਪਕ ਸੰਗਠਨ ਨਾਖੁਸ਼ appeared first on Punjab Star.

Related Posts