ਨਵੀ ਦਿੱਲੀ : ਭਾਰਤ ਦੇ ਕੇਂਦਰੀ ਮੰਤਰੀ ਅਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਕੀ ਇੱਕ ਅਣਜਾਣ ਨੰਬਰ ਤੋਂ ਮਿਲੀ। ਜਯੰਤ ਚੌਧਰੀ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਿੱਜੀ ਸਹਾਇਕ, ਵਿਸ਼ਵੇਂਦਰ ਸ਼ਾਹ ਨੂੰ ਫ਼ੋਨ ਅਤੇ ਵਟਸਐਪ ‘ਤੇ ਇਹ ਧਮਕੀਆਂ ਪ੍ਰਾਪਤ ਹੋਈਆਂ।
ਦੱਸ ਦਈਏ ਕਿ ਜਯੰਤ ਚੌਧਰੀ ਇੱਕ ਜਾਣੇ-ਪਛਾਣੇ ਸਿਆਸਤਦਾਨ ਹਨ ਜੋ ਵਰਤਮਾਨ ਵਿੱਚ ਕੇਂਦਰ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ। ਉਹ ਰਾਸ਼ਟਰੀ ਲੋਕ ਦਲ (RLD) ਦੇ ਰਾਸ਼ਟਰੀ ਪ੍ਰਧਾਨ ਹਨ। RLD ਇੱਕ ਖੇਤਰੀ ਰਾਜਨੀਤਿਕ ਪਾਰਟੀ ਹੈ ਜਿਸਦਾ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇੱਕ ਮਜ਼ਬੂਤ ਸਮਰਥਨ ਅਧਾਰ ਹੈ।
ਮਾਮਲੇ ਸੰਬੰਧੀ ਸ਼ਿਕਾਇਤ ਦਿੱਲੀ ਦੇ ਤੁਗਲਕ ਰੋਡ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਨਵੀਂ ਦਿੱਲੀ ਜ਼ਿਲ੍ਹੇ ਦੇ ਪੁਲਿਸ ਡਿਪਟੀ ਕਮਿਸ਼ਨਰ (DCP) ਸਚਿਨ ਸ਼ਰਮਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ । ਸੁਰੱਖਿਆ ਏਜੰਸੀਆਂ ਮੰਤਰੀ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਰਹੀਆਂ ਹਨ। ਧਮਕੀ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ “ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ। ਜਿਵੇਂ ਹੀ ਫ਼ੋਨ ਚੁੱਕਿਆ ਫ਼ੋਨ ਕਰਨ ਵਾਲੇ ਨੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਭਾਰਤ ਸਰਕਾਰ ਦੇ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਧਮਕੀ ਦੇਣ ਵਾਲੇ ਦੀ ਪਛਾਣ ਇਸਮਾਈਲ ਵਜੋਂ ਹੋਈ ਹੈ, ਜੋ ਕਿ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਦਾ ਰਹਿਣ ਵਾਲਾ ਹੈ। ਪੱਛਮੀ ਬੰਗਾਲ ਪੁਲਿਸ ਵੀ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
The post ਕੇਂਦਰੀ ਮੰਤਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤੇ ਨੰਬਰ ਤੋਂ ਆਇਆ ਫੋਨ! appeared first on Punjab Star.
