ਫਿਰੋਜ਼ਪੁਰ : ਕੈਨੇਡਾ ਦੀ ਧਰਤੀ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਗਾਦੜੀ ਵਾਲਾ ਰੋਡ ਦੇ ਨਜ਼ਦੀਕ ਰਹਿਣ ਵਾਲੇ ਧਰਮਵੀਰ ਵਰਮਾ ਦੇ ਪੁੱਤਰ ਅਨਮੋਲ ਵਰਮਾ (22) ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੂੰ ‘ਸਾਈਲੈਂਟ ਹਾਰਟ ਅਟੈਕ’ ਆਇਆ।
ਮ੍ਰਿਤਕ ਨੌਜਵਾਨ ਦੇ ਪਿਤਾ ਧਰਮਵੀਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਛੋਟਾ ਪੁੱਤਰ ਅਨਮੋਲ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਬਾਅਦ ਵਿੱਚ ਉਹ ਵਰਕ ਪਰਮਿਟ ‘ਤੇ ਕੈਨੇਡਾ ਦੇ ਸਰੀ ਵਿੱਚ ਕੰਮ ਕਰਨ ਲੱਗ ਪਿਆ, ਜਿੱਥੇ ਉਸ ਦਾ ਵੱਡਾ ਭਰਾ ਅਤੇ ਪਰਿਵਾਰ ਵੀ ਰਹਿੰਦਾ ਸੀ। ਹੋਰ ਰਿਸ਼ਤੇਦਾਰ ਵੀ ਉਸ ਦੇ ਨਾਲ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲ ਹੋਈ, ਤਾਂ ਉਸ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਮੈਂ ਸਵੇਰੇ ਕੰਮ ‘ਤੇ ਜਾਣਾ ਹੈ ਅਤੇ ਮੈਂ ਸੌਣ ਜਾ ਰਿਹਾ ਹਾਂ।
ਉਨ੍ਹਾਂ ਕਿਹਾ ਇਸ ਤੋਂ ਬਾਅਦ ਜਦੋਂ ਮੈਂ ਆਪਣੇ ਪੁੱਤਰ ਨਾਲ ਗੱਲ ਕਰਨ ਲਈ ਕਾਲ ਕੀਤੀ ਤਾਂ ਉਸ ਨੇ ਮੇਰੀ ਕਾਲ ਵੀ ਨਹੀਂ ਚੁੱਕੀ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਧਰਮਵੀਰ ਨੇ ਦੱਸਿਆ ਕਿ ਕੈਨੇਡਾ ਤੋਂ ਉਨ੍ਹਾਂ ਦੇ ਜੀਜਾ ਨੇ ਫ਼ੋਨ ਕਰਕੇ ਦੱਸਿਆ ਕਿ ਅਨਮੋਲ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਪਰਿਵਾਰ ਨੇ ਸਮਾਜ ਸੇਵੀਆਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਅਨਮੋਲ ਵਰਮਾ ਦੀ ਮ੍ਰਿਤਕ ਦੇਹ ਨੂੰ ਜ਼ੀਰਾ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਸੰਸਕਾਰ ਕਰਕੇ ਆਪਣਾ ਫ਼ਰਜ਼ ਨਿਭਾ ਸਕਣ।
The post ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ; ਚਾਰ ਸਾਲ ਪਹਿਲਾਂ ਗਿਆ ਸੀ ਵਿਦੇਸ਼ appeared first on Punjab Star.
