ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਪੁਟੂਮਾਯੋ ਸੂਬੇ ਵਿੱਚ ਸੋਮਵਾਰ ਨੂੰ ਇੱਕ ਫੌਜੀ ਟਰਾਂਸਪੋਰਟ ਜਹਾਜ਼ ਹਰਕੂਲਿਸ C-130 ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 110 ਫੌਜੀ ਅਤੇ 11 ਕਰੂ ਮੈਂਬਰਾਂ ਸਮੇਤ ਕੁੱਲ 121 ਲੋਕ ਸਵਾਰ ਸਨ। ਸਥਾਨਕ ਡਿਪਟੀ ਮੇਅਰ ਕਾਰਲੋਸ ਕਲਾਰੋਸ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 81 ਹੋਰ ਜ਼ਖਮੀ ਹਨ। ਹਾਦਸਾ ਹਵਾਈ ਅੱਡੇ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਲਾਕੇ ਵਿੱਚ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ।
ਰਾਸ਼ਟਰਪਤੀ ਗੁਸਤਾਵੋ ਪੇਟਰੋ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਫੌਜੀ ਸਾਜ਼ੋ-ਸਾਮਾਨ ਦੇ ਆਧੁਨਿਕੀਕਰਨ ਵਿੱਚ ਆ ਰਹੀਆਂ ਰੁਕਾਵਟਾਂ ਦਾ ਮੁੱਦਾ ਚੁੱਕਿਆ ਹੈ। ਦੂਜੇ ਪਾਸੇ, ਮਾਹਰਾਂ ਦਾ ਕਹਿਣਾ ਹੈ ਕਿ ਇਹ ਜਹਾਜ਼ 2020 ਵਿੱਚ ਅਮਰੀਕਾ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ ਅਤੇ ਇਸ ਦੀ ਹਾਲ ਹੀ ਵਿੱਚ ਮੁਰੰਮਤ ਵੀ ਕੀਤੀ ਗਈ ਸੀ।
ਰੱਖਿਆ ਮੰਤਰੀ ਪੇਡਰੋ ਸਾਂਚੇਜ਼(Sanchez) ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਜਹਾਜ਼ ’ਤੇ ਕਿਸੇ ਬਾਗੀ ਹਮਲੇ ਦੇ ਸੰਕੇਤ ਨਹੀਂ ਮਿਲੇ ਹਨ। ਸਥਾਨਕ ਲੋਕਾਂ ਨੇ ਮੋਟਰਸਾਈਕਲਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ, ਜਦੋਂਕਿ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਰਾਜਧਾਨੀ ਬੋਗੋਟਾ ਭੇਜਿਆ ਜਾ ਰਿਹਾ ਹੈ।
The post ਕੋਲੰਬੀਆ ਵਿੱਚ ਭਿਆਨਕ ਜਹਾਜ਼ ਹਾਦਸਾ: 33 ਫੌਜੀਆਂ ਦੀ ਮੌਤ, 81 ਜ਼ਖਮੀ appeared first on Punjab Star.
