ਚੰਡੀਗੜ੍ਹ: ਮਸ਼ਹੂਰ ਬਾਲੀਵੁੱਡ ਅਤੇ ਪੰਜਾਬੀ ਗਾਇਕ ਬੀ ਪ੍ਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਬੀ ਪ੍ਰਾਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਸ ਗੈਂਗ ਨੇ ਗਾਇਕ ਬੀ ਪ੍ਰਾਕ ਦੇ ਦੋਸਤ ਦਿਲਨੂਰ ਨੂੰ ਫ਼ੋਨ ਕਰਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਸ ਗੈਂਗ ਨੇ ਇੱਕ ਹਫ਼ਤੇ ਦੇ ਅੰਦਰ ਪੈਸੇ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਮੋਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦੱਸ ਦਈਏ ਕਿ ਫੋਨ ਕਰਨ ਵਾਲੇ ਨੇ ਲਾਰੈਂਸ ਬਿਸ਼ਨੋਈ ਗੈਂਗ ਤੋਂ ਹੋਣ ਦਾ ਦਾਅਵਾ ਕੀਤਾ ਅਤੇ ਉਸਨੇ ਆਪਣੀ ਪਛਾਣ ਆਰਜੂ ਬਿਸ਼ਨੋਈ ਵਜੋਂ ਦੱਸੀ। ਬੀ ਪ੍ਰਾਕ ਨੂੰ ਧਮਕੀ ਵਿੱਚ ਕਿਹਾ ਗਿਆ ਸੀ, “10 ਕਰੋੜ ਰੁਪਏ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਦਫ਼ਨਾ ਦੇਵਾਂਗੇ।”
ਦਿਲਨੂਰ ਦੀ ਸ਼ਿਕਾਇਤ ‘ਚ ਦੱਸਿਆ ਕਿ 5 ਜਨਵਰੀ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਦੋ ਮਿਸਡ ਕਾਲਾਂ ਆਈਆਂ, ਜਿਨ੍ਹਾਂ ਦਾ ਉਸਨੇ ਜਵਾਬ ਨਹੀਂ ਦਿੱਤਾ। 6 ਜਨਵਰੀ ਨੂੰ ਉਸਨੂੰ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ। ਜਦੋਂ ਦਿਲਨੂਰ ਨੇ ਕਾਲ ਦਾ ਜਵਾਬ ਦਿੱਤਾ ਅਤੇ ਗੱਲਬਾਤ ਨੂੰ ਸ਼ੱਕੀ ਪਾਇਆ ਤਾਂ ਉਸਨੇ ਡਿਸਕਨੈਕਟ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਸਨੂੰ ਫਿਰੌਤੀ ਦੀ ਧਮਕੀ ਵਾਲਾ ਇੱਕ ਵੌਇਸ ਸੁਨੇਹਾ ਮਿਲਿਆ। ਆਡੀਓ ਸੁਨੇਹੇ ਵਿੱਚ ਕਾਲ ਕਰਨ ਵਾਲੇ ਨੇ ਕਥਿਤ ਤੌਰ ‘ਤੇ ਕਿਹਾ ਕਿ ਉਸਨੂੰ ਇੱਕ ਹਫ਼ਤੇ ਦੇ ਅੰਦਰ ₹10 ਕਰੋੜ ਦਾ ਇੰਤਜ਼ਾਮ ਕਰੇ ਨਹੀਂ ਤਾਂ ਬੀ ਪ੍ਰਾਕ ਨੂੰ ਗੰਭੀਰ ਨੁਕਸਾਨ ਹੋਵੇਗਾ।
ਦਿਲਨੂਰ ਦੇ ਅਨੁਸਾਰ, ਇਹ ਵੀ ਕਿਹਾ ਗਿਆ ਕਿ ਬੀ ਪ੍ਰਾਕ ਭਾਵੇਂ ਕਿਸੇ ਵੀ ਦੇਸ਼ ਵਿੱਚ ਜਾਵੇ, ਜੇਕਰ ਉਹ ਸਾਡੇ ਨਾਲ ਰਲ ਕੇ ਨਹੀਂ ਜਾਂਦਾ, ਤਾਂ ਉਸਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ। ਦਿਲਨੂਰ ਨੇ ਕਿਹਾ, “ਇਸ ਗੈਂਗ ਤੋਂ ਮੇਰੀ ਅਤੇ ਮੇਰੇ ਦੋਸਤ ਦੀ ਜਾਨ ਨੂੰ ਖ਼ਤਰਾ ਹੈ। ਇਸ ਮਾਮਲੇ ਵਿੱਚ ਤੁਰੰਤ ਅਤੇ ਠੋਸ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।” ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
The post ਗਾਇਕ ਬੀ ਪ੍ਰਾਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 10 ਕਰੋੜ ਰੁਪਏ ਫਿਰੌਤੀ ਦੀ ਮੰਗ appeared first on Punjab Star.
