ਗੁਰਦਾਸਪੁਰ ਐਨਕਾਊਂਟਰ ਮਾਮਲੇ ‘ਚ ਹਾਈ ਕੋਰਟ ਵੱਲੋਂ ਪੰਜਾਬ ਡੀਜੀਪੀ ਤਲਬ

ਚੰਡੀਗੜ੍ਹ : ਗੁਰਦਾਸਪੁਰ ਪੁਲਿਸ ਚੌਕੀ ਵਿੱਚ ASI ਅਤੇ ਹੋਮਗਾਰਡ ਜਵਾਨ ਦੇ ਕਤਲ ਦੇ ਮੁਲਜ਼ਮ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨੋਟਿਸ ਲਿਆ ਹੈ। ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਅੱਜ ਹੀ ਇਸ ਬਾਰੇ ਜਵਾਬ ਦੇਣਾ ਹੋਵੇਗਾ।

ਇਸ ਮਾਮਲੇ ਦੀ ਸੁਣਵਾਈ ਅੱਜ ਦੁਪਹਿਰ ਕੀਤੀ ਜਾਵੇਗੀ। ਹਾਈ ਕੋਰਟ ਵਲੋਂ ਪੁਲਿਸ ਨੂੰ ਐਨਕਾਊਂਟਰ ਨਾਲ ਜੁੜੇ ਸਾਰੇ ਤੱਥ ਅਤੇ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ। ਡੀ.ਜੀ.ਪੀ. ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਣਗੇ। ਜਾਣਕਾਰੀ ਮੁਤਾਬਕ, ਅੱਜ ਦੁਪਹਿਰ ਦੋ ਵਜੇ ਇਸ ਕੇਸ ਦੀ ਸੁਣਵਾਈ ਹੋਵੇਗੀ । ਅਦਾਲਤ ਨੇ ਡੀਜੀਪੀ ਗੌਰਵ ਨੂੰ ਆਪਣਾ ਜਵਾਬ ਤਿਆਰ ਰੱਖਣ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਰਣਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਐਨਕਾਊਂਟਰ ਨੂੰ ਫਰਜ਼ੀ ਦੱਸਿਆ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਨੂੰ ਘਰੋਂ ਚੁੱਕ ਕੇ ਲੈ ਗਏ ਅਤੇ ਐਨਕਾਊਂਟਰ ਦਿਖਾਉਣ ਲਈ ਸਾਰੀ ਕਹਾਣੀ ਰਚੀ ਗਈ। ਇਸ ਮਾਮਲੇ ਵਿੱਚ ਪਰਿਵਾਰ ਪਹਿਲਾਂ ਪੋਸਟਮਾਰਟਮ ਨਾ ਕਰਵਾਉਣ ‘ਤੇ ਵੀ ਅੜਿਆ ਰਿਹਾ। ਪਰ, ਕੋਰਟ ਦੇ ਹੁਕਮਾਂ ‘ਤੇ ਡਾਕਟਰਾਂ ਦੇ ਬੋਰਡ ਰਾਹੀਂ 7 ਦਿਨਾਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ। ਹਾਲਾਂਕਿ, ਪਰਿਵਾਰ ਹੁਣ ਅੰਤਿਮ ਸੰਸਕਾਰ ਨਾ ਕਰਨ ‘ਤੇ ਅੜ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਚਰਚਾ ਵਿਚ ਹੈ। ਗੁਰਦਾਸਪੁਰ ਵਿੱਚ 22 ਫਰਵਰੀ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਆਦੀਆਂ ਪਿੰਡ ਦੀ ਪੁਲਿਸ ਚੈੱਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ਵਿੱਚ ASI ਗੁਰਨਾਮ ਸਿੰਘ ਅਤੇ ਹੋਮਗਾਰਡ ਕਾਂਸਟੇਬਲ ਅਸ਼ੋਕ ਕੁਮਾਰ ਸ਼ਾਮਲ ਸਨ। ਪੁਲਿਸ ਮੁਤਾਬਕ ਇਹ ਹਮਲਾ ਪਾਕਿਸਤਾਨ ਦੀ ਖ਼ੁਫੀਆ ਏਜੰਸੀ ISI ਵੱਲੋਂ ਕਰਵਾਇਆ ਗਿਆ ਸੀ ਅਤੇ ਇਸ ਕੰਮ ਲਈ ਤਿੰਨ ਨੌਜਵਾਨਾਂ ਨੂੰ ਕਰੀਬ 20 ਹਜ਼ਾਰ ਰੁਪਏ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ 19 ਸਾਲਾ ਰਣਜੀਤ ਸਿੰਘ, ਜੋ ਕਿ ਆਦੀਆਂ ਪਿੰਡ ਦਾ 25 ਫਰਵਰੀ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਪੁਲਿਸ ਨੇ ਦੂਜੇ ਮੁਲਜ਼ਮ ਦਿਲਾਵਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਤੀਜੇ ਮੁਲਜ਼ਮ ਇੰਦਰਜੀਤ ਸਿੰਘ ਨੂੰ ਬਾਅਦ ਵਿੱਚ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਸੀ।

The post ਗੁਰਦਾਸਪੁਰ ਐਨਕਾਊਂਟਰ ਮਾਮਲੇ ‘ਚ ਹਾਈ ਕੋਰਟ ਵੱਲੋਂ ਪੰਜਾਬ ਡੀਜੀਪੀ ਤਲਬ appeared first on Punjab Star.

Related Posts