ਜਲੰਧਰ ਦੀ ਫੈਕਟਰੀ ‘ਚ ਦਿਲ ਦਹਿਲਾਉਣ ਵਾਲਾ ਹਾਦਸਾ, ਕਈ ਮਜ਼ਦੂਰਾਂ ਦੀ ਹੋਈ ਮੌਤ, ਕਈ ਜ਼ਖਮੀ

ਜਲੰਧਰ ਦੇ ਧੋਗੜੀ ਰੋਡ ‘ਤੇ ਸਥਿਤ ਮੈਕ ਚੁਆਇਸ ਟੂਲ ਫੈਕਟਰੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ ਭਾਰੀ ਕੰਟੇਨਰ ਅਚਾਨਕ ਫੈਕਟਰੀ ਦੇ ਅਹਾਤੇ ਵਿੱਚ ਡਿੱਗਣ ਨਾਲ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਨੌਂ ਹੋਰ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦ ਰੋ-ਰੋ ਬੁਰਾ ਹਾਲ ਹੈ। ਰਿਪੋਰਟਾਂ ਮੁਤਾਬਕ ਗਦਈਪੁਰ ਸਥਿਤ ਵਿਸ਼ਾਲ ਟੂਲ ਸੰਚਾਲਕ ਦੀ ਦੂਜੀ ਯੂਨਿਟ ਧੋਗੜੀ ਰੋਡ ‘ਤੇ ਮੈਕ ਚੁਆਇਸ ਟੂਲ ਹੈ। ਇਸਦੇ ਸੰਚਾਲਕ ਦੀ ਪਛਾਣ ਕੇਸ਼ਵ ਸ਼ੂਰ ਵਜੋਂ ਹੋਈ ਹੈ। ਫੈਕਟਰੀ ਵਿੱਚ ਕੰਮ ਕਰਦੇ ਸਮੇਂ, ਇੱਕ ਭਾਰੀ ਕੰਟੇਨਰ ਅਚਾਨਕ ਡਿੱਗ ਗਿਆ, ਜਿਸ ਨਾਲ ਕਈ ਮਜ਼ਦੂਰ ਜ਼ਖਮੀ ਹੋ ਗਏ। ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੀ ਔਰਤ ਦੀ ਪਛਾਣ ਸਿੰਮੀ ਵਜੋਂ ਹੋਈ ਹੈ, ਜੋ ਕਿ ਸਿਰਫ 10 ਦਿਨਾਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿੰਮੀ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਦੋ ਛੋਟੇ ਬੱਚਿਆਂ ਦੀ ਦੇਖਭਾਲ ਇਕੱਲੀ ਕਰ ਰਹੀ ਸੀ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਲੋਕਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਫੈਕਟਰੀ ਦੇ ਸਟਾਫ਼ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਫੈਕਟਰੀ ਮੈਨੇਜਰ ਨੇ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਦੋ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਨੇ ਫੈਕਟਰੀ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

The post ਜਲੰਧਰ ਦੀ ਫੈਕਟਰੀ ‘ਚ ਦਿਲ ਦਹਿਲਾਉਣ ਵਾਲਾ ਹਾਦਸਾ, ਕਈ ਮਜ਼ਦੂਰਾਂ ਦੀ ਹੋਈ ਮੌਤ, ਕਈ ਜ਼ਖਮੀ appeared first on Punjab Star.

Related Posts