ਦਿੱਲੀ CM ਰੇਖਾ ਗੁਪਤਾ ਪਹੁੰਚੇ ਅੰਮ੍ਰਿਤਸਰ; ਕੈਬਨਿਟ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਆਪਣੇ ਕੈਬਨਿਟ ਮੰਤਰੀਆਂ ਨਾਲ ਅੰਮ੍ਰਿਤਸਰ ਪਹੁੰਚੇ ਹਨ। ਮੁੱਖ ਮੰਤਰੀ ਦਾ ਵਫ਼ਦ ਪਹਿਲਾਂ ਰਾਜਾਸਾਂਸੀ ਹਵਾਈ ਅੱਡੇ ‘ਤੇ ਪਹੁੰਚਿਆ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਨੁਮਾਇੰਦਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ਤੋਂ ਮੁੱਖ ਮੰਤਰੀ ਦਾ ਕਾਫਲਾ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਇਆ। ਮੁੱਖ ਮੰਤਰੀ ਨੇ ਇੱਥੇ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।

ਅੰਮ੍ਰਿਤਸਰ ਸਾਹਿਬ ਦੇ ਦੌਰੇ ਨੂੰ ਲੈ ਕੇ ਰੇਖਾ ਗੁਪਤਾ ਨੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ “ਸ੍ਰੀ ਅੰਮ੍ਰਿਤਸਰ ਸਾਹਿਬ, ਸਿਫ਼ਤੀ ਦਾ ਘਰ ਪਹੁੰਚਣ ‘ਤੇ ਮਾਣ ਮਹਿਸੂਸ ਕਰ ਰਹੀ ਹਾਂ। ਅੱਜ ਅਸੀਂ ਇੱਥੇ ਸ਼ੁਕਰਾਨਾ ਕਰਨ ਆਏ ਹਾਂ ਜੋ ਗੁਰੂ ਸਾਹਿਬ ਜੀ ਨੇ ਸਾਡੇ ਤੋਂ ਲਾਲ ਕਿਲ੍ਹੇ ‘ਤੇ ਸੇਵਾ ਕਰਵਾਈ ਤੇ ਅਸੀਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਫ਼ਲ ਸਮਾਗਮਾਂ ਦਾ ਆਯੋਜਨ ਕਰ ਸਕੇ।”

ਇਸ ਦੌਰੇ ਨੂੰ ਧਾਰਮਿਕ ਅਤੇ ਸੱਭਿਆਚਾਰਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦਿੱਲੀ ਮੁੱਖ ਮੰਤਰੀ ਗੁਪਤਾ ਅੱਜ ਸ਼ਹਿਰ ਦੇ ਤਿੰਨ ਪ੍ਰਮੁੱਖ ਅਤੇ ਇਤਿਹਾਸਕ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣਗੇ। ਮੁੱਖ ਮੰਤਰੀ ਦਾ ਅਗਲਾ ਪੜਾਅ ਸ਼੍ਰੀ ਦੁਰਗਿਆਣਾ ਤੀਰਥ ਹੈ। ਇਹ ਮੰਦਿਰ ਅੰਮ੍ਰਿਤਸਰ ਦੀ ਧਾਰਮਿਕ ਪਛਾਣ ਨਾਲ ਡੂੰਘਾ ਜੁੜਿਆ ਹੋਇਆ ਹੈ। ਮੁੱਖ ਮੰਤਰੀ ਰੇਖਾ ਉੱਥੇ ਪੂਜਾ ਕਰਨਗੇ ਅਤੇ ਸ਼ਹਿਰ ਦੀ ਧਾਰਮਿਕ ਵਿਭਿੰਨਤਾ ਅਤੇ ਸੱਭਿਆਚਾਰਕ ਏਕਤਾ ਸੰਬੰਧੀ ਸੰਦੇਸ਼ ਦੇਣਗੇ।

ਇਸ ਯਾਤਰਾ ਦਾ ਤੀਜਾ ਅਤੇ ਆਖਰੀ ਧਾਰਮਿਕ ਸਥਾਨ ਸ਼੍ਰੀ ਵਾਲਮੀਕਿ ਤੀਰਥ ਹੈ, ਜਿਸਨੂੰ ਰਾਮਤੀਰਥ ਵੀ ਕਿਹਾ ਜਾਂਦਾ ਹੈ। ਇਹ ਸਥਾਨ ਮਹਾਰਿਸ਼ੀ ਵਾਲਮੀਕਿ ਅਤੇ ਮਾਤਾ ਸੀਤਾ ਨਾਲ ਜੁੜੇ ਆਪਣੇ ਇਤਿਹਾਸਕ ਅਤੇ ਪੌਰਾਣਿਕ ਮਹੱਤਵ ਦੇ ਕਾਰਨ ਵਿਸ਼ੇਸ਼ ਸਤਿਕਾਰ ਰੱਖਦਾ ਹੈ। ਸਾਰੇ ਧਾਰਮਿਕ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ, ਮੁੱਖ ਮੰਤਰੀ ਦਾ ਵਫ਼ਦ ਰਾਜਾਸਾਂਸੀ ਹਵਾਈ ਅੱਡੇ ਤੋਂ ਦੁਬਾਰਾ ਦਿੱਲੀ ਲਈ ਰਵਾਨਾ ਹੋਵੇਗਾ।

The post ਦਿੱਲੀ CM ਰੇਖਾ ਗੁਪਤਾ ਪਹੁੰਚੇ ਅੰਮ੍ਰਿਤਸਰ; ਕੈਬਨਿਟ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ appeared first on Punjab Star.

Related Posts