ਦੇਸ਼ ਭਰ ‘ਚ ਭਾਰੀ ਠੰਢ ਨੇ ਕੱਢੇ ਵੱਟ! ਪੰਜਾਬ- ਹਰਿਆਣਾ ਸਣੇ ਚਾਰ ਸੂਬਿਆਂ ‘ਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ

ਨਵੀ ਦਿੱਲੀ : ਇਸ ਸਮੇ ਠੰਢ ਅਪਣੇ ਜ਼ੋਰਾਂ ‘ਤੇ ਹੈ, ਕਈ ਜਗ੍ਹਾ ਧੁੰਦ ਨਾਲ ਸੀਤ ਲਹਿਰ ਤੇ ਕਈ ਜਗ੍ਹਾ ਹਲਕੀ ਬਾਰਿਸ਼ ਹੈ। ਜੰਮੂ – ਕਸ਼ਮੀਰ ਸਮੇਤ ਪੱਛਮੀ ਹਿਮਾਲਿਆ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਜ਼ੀਰੋ ਤੋਂ ਹੇਠਾਂ ਤਾਪਮਾਨ ਕਾਰਨ ਨਦੀਆਂ, ਨਾਲੇ ਅਤੇ ਹੋਰ ਜਲ ਸਰੋਤ ਜੰਮ ਗਏ ਹਨ। ਜਿਸਦੇ ਚਲਦੇ ਮੌਸਮ ਵਿਭਾਗ (IMD) ਨੇ ਅਗਲੇ ਚਾਰ ਤੋਂ ਪੰਜ ਦਿਨਾਂ ਲਈ ਉੱਤਰ-ਪੱਛਮ, ਮੱਧ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਲਈ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਚਾਰ ਰਾਜਾਂ ਵਿੱਚ ਬਹੁਤ ਸੰਘਣੀ ਧੁੰਦ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 17 ਰਾਜਾਂ ਵਿੱਚ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਕਿਹਾ ਹੈ ਕਿ 6-9 ਜਨਵਰੀ ਤੱਕ ਪੰਜਾਬ, ਹਰਿਆਣਾ – ਚੰਡੀਗੜ੍ਹ, 8-10 ਜਨਵਰੀ ਤੱਕ ਪੱਛਮੀ ਰਾਜਸਥਾਨ, 6-10 ਜਨਵਰੀ ਤੱਕ ਪੂਰਬੀ ਰਾਜਸਥਾਨ, 6-8 ਜਨਵਰੀ ਤੱਕ ਛੱਤੀਸਗੜ੍ਹ ਅਤੇ 6-7 ਜਨਵਰੀ ਤੱਕ ਝਾਰਖੰਡ ਵਿੱਚ ਸੀਤ ਲਹਿਰਾਂ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, “ਪੂਰਬੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼ ਅਤੇ ਪੰਜਾਬ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਅਸਾਮ ਅਤੇ ਮੇਘਾਲਿਆ, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਝਾਰਖੰਡ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਓਡੀਸ਼ਾ, ਰਾਜਸਥਾਨ, ਉੱਤਰਾਖੰਡ, ਪੱਛਮੀ ਬੰਗਾਲ ਅਤੇ ਸਿੱਕਮ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।”

ਓਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਤਾਬੋ ਵਿੱਚ ਘੱਟੋ-ਘੱਟ ਤਾਪਮਾਨ -10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸਰਦੀਆਂ ਦੀ ਸਭ ਤੋਂ ਠੰਢੀ ਰਾਤ ਹੈ। ਕੁਕੁਮਸੇਰੀ, ਕਲਪਾ, ਨਾਰਕੰਡਾ ਅਤੇ ਸੋਲਨ ਸਮੇਤ ਕਈ ਇਲਾਕਿਆਂ ਵਿੱਚ ਤਾਪਮਾਨ ਜਮਾਵ ਤੋਂ ਹੇਠਾਂ ਚਲਾ ਗਿਆ। ਉੱਚੀਆਂ ਉਚਾਈਆਂ ‘ਤੇ ਝੀਲਾਂ ਅਤੇ ਨਦੀਆਂ ਜੰਮਣ ਲੱਗ ਪਈਆਂ, ਜਦੋਂ ਕਿ ਕੋਕਸਰ, ਕਲਪਾ ਅਤੇ ਗੋਂਡਲਾ ਵਿੱਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ।

ਜ਼ਿਕਰਯੋਗ ਹੈ ਕਿ ਠੰਡ ਦੇ ਮੱਦੇਨਜ਼ਰ ਪੰਜਾਬ,ਹਰਿਆਣਾ, ਬਿਹਾਰ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਬੱਚਿਆਂ ਦੇ ਸਕੂਲ ਬੰਦ ਹਨ। ਰਾਜਸਥਾਨ ਦੇ 20 ਜ਼ਿਲ੍ਹਿਆਂ ਵਿੱਚ, ਠੰਢ ਅਤੇ ਧੁੰਦ ਕਾਰਨ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਕੂਲ ਵੱਖ-ਵੱਖ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ।

The post ਦੇਸ਼ ਭਰ ‘ਚ ਭਾਰੀ ਠੰਢ ਨੇ ਕੱਢੇ ਵੱਟ! ਪੰਜਾਬ- ਹਰਿਆਣਾ ਸਣੇ ਚਾਰ ਸੂਬਿਆਂ ‘ਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ appeared first on Punjab Star.

Related Posts