ਨਵੀ ਦਿੱਲੀ : ਬੁੱਧਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ, ਜਿਸ ਨਾਲ ਸੜਕ, ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਅੰਮ੍ਰਿਤਸਰ, ਆਦਮਪੁਰ, ਹਲਵਾਰਾ ਅਤੇ ਪਠਾਨਕੋਟ ਵਿੱਚ ਵਿਜ਼ੀਬਿਲਟੀ 0 ਮੀਟਰ, ਗੁਰਦਾਸਪੁਰ ਅਤੇ ਲੁਧਿਆਣਾ ਵਿੱਚ 10 ਮੀਟਰ, ਪਟਿਆਲਾ ਵਿੱਚ 20 ਮੀਟਰ, ਬਠਿੰਡਾ ਵਿੱਚ 50 ਮੀਟਰ ਤੋਂ ਘੱਟ ਦਰਜ ਕੀਤੀ ਗਈ। ਠੰਢ ਅਤੇ ਧੁੰਦ ਦੇ ਪ੍ਰਕੋਪ ਦੇ ਵਿਚਕਾਰ 1 ਜਨਵਰੀ ਨੂੰ ਕਈ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੰਘਣੀ ਧੁੰਦ ਅਤੇ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜੋ 1 ਜਨਵਰੀ ਤੱਕ ਜਾਰੀ ਰਹਿ ਸਕਦੀ ਹੈ। ਇਹ ਬਦਲਾਅ ਪਹਾੜੀ ਇਲਾਕਿਆਂ ਵਿੱਚ ਪੱਛਮੀ ਗੜਬੜੀ ਦੇ ਆਉਣ ਕਾਰਨ ਹੋਇਆ ਹੈ।
ਦੱਸ ਦਈਏ ਕਿ ਬੁੱਧਵਾਰ ਦੀ ਸ਼ੁਰੁਆਤ ਦਿੱਲੀ-ਐਨਸੀਆਰ ਵਿੱਚ ਵੀ ਸੰਘਣੀ ਧੁੰਦ ਨਾਲ ਹੋਈ। ਦਿੱਲੀ ਦੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ। ਅੱਜ ਆਈਜੀਆਈ ਹਵਾਈ ਅੱਡੇ ‘ਤੇ 148 ਉਡਾਣਾਂ ਰੱਦ ਕੀਤੀਆਂ ਗਈਆਂ, ਅਤੇ 150 ਉਡਾਣਾਂ ਵਿੱਚ ਦੇਰੀ ਹੋਈ। ਹਵਾਈ ਅੱਡੇ ਨੇ ਯਾਤਰੀਆਂ ਨੂੰ ਇੱਕ ਸਲਾਹ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ CAT III ਲਾਗੂ ਕਰ ਦਿੱਤਾ ਗਿਆ ਹੈ। ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ ਅਤੇ ਇੱਥੋਂ ਤੱਕ ਕਿ ਰੱਦ ਵੀ ਹੋ ਸਕਦੀ ਹੈ।
ਓਧਰ, ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੀਆਂ ਉੱਚੀਆਂ ਥਾਵਾਂ ‘ਤੇ ਮੰਗਲਵਾਰ ਸ਼ਾਮ ਨੂੰ ਬਰਫ਼ਬਾਰੀ ਸ਼ੁਰੂ ਹੋ ਗਈ। ਸ਼ਿਮਲਾ ਦੇ ਮੌਸਮ ਵਿਗਿਆਨ ਕੇਂਦਰ ਨੇ ਅੱਜ ਅਤੇ ਕੱਲ੍ਹ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 72 ਘੰਟਿਆਂ ਦੌਰਾਨ ਚੰਬਾ, ਕਾਂਗੜਾ, ਕੁੱਲੂ, ਕਿਨੌਰ ਅਤੇ ਲਾਹੌਲ-ਸਪਿਤੀ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਸ਼ਿਮਲਾ, ਸੋਲਨ ਅਤੇ ਸਿਰਮੌਰ ਸਮੇਤ ਰਾਜ ਦੇ ਹੋਰ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
The post ਨਵੇਂ ਸਾਲ ‘ਤੇ ਇਨ੍ਹਾਂ ਸੂਬਿਆਂ ‘ਚ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ appeared first on Punjab Star.
