ਸਵਿਸ ਐਲਪਸ ਦੇ ਇੱਕ ਬਾਰ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਲੱਗਣ ਕਾਰਨ 40 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਪੰਜਾਹ ਤੋਂ ਜ਼ਿਆਦਾ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ। ਇਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।ਵੈਲੇਸ ਕੈਂਟਨ ਦੇ ਅਟਾਰਨੀ ਜਨਰਲ ਬੀਟਰਿਸ ਪਿਲੌਡ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਹਰ ਅਜੇ ਤੱਕ ਮਲਬੇ ਦੇ ਅੰਦਰ ਨਹੀਂ ਜਾ ਸਕੇ।
ਇੱਥੋਂ ਦੇ ਕੌਂਸਲਰ ਮੈਥਿਆਸ ਰੇਨਾਰਡ ਅਨੁਸਾਰ ਜ਼ਖਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਖੇਤਰੀ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ ਅਤੇ ਅਪਰੇਸ਼ਨ ਥੀਏਟਰ ਜਲਦੀ ਹੀ ਪੂਰੀ ਸਮਰੱਥਾ ਨਾਲ ਭਰ ਗਿਆ। ਮਰਨ ਵਾਲੇ ਕਈ ਹੋਰ ਦੇਸ਼ਾਂ ਦੇ ਵਸਨੀਕ ਸਨ।
ਪੁਲੀਸ ਅਨੁਸਾਰ ਸਵਿਟਜ਼ਰਲੈਂਡ ਦੀ ਐਲਪਾਈਨ ਸਕੀ ਰਿਜ਼ੌਰਟ ਕ੍ਰੈਨਸ-ਮੋਂਟਾਨਾ ਵਿੱਚ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਜਾਨਾਂ ਚਲੀਆਂ ਗਈਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਪੁਲੀਸ ਬੁਲਾਰੇ ਗੈਟਨ ਲੈਥੀਅਨ ਨੇ ਦੱਸਿਆ, “ਅੱਗ ਅੱਜ ਤੜਕੇ ਲਗਭਗ 1:30 ਵਜੇ ‘ਲੇ ਕੰਸਟੈਲੇਸ਼ਨ’ (Le Constellation) ਨਾਮਕ ਬਾਰ ਵਿੱਚ ਲੱਗੀ। ਉਸ ਸਮੇਂ ਇਮਾਰਤ ਵਿੱਚ ਸੌ ਤੋਂ ਵੱਧ ਲੋਕ ਮੌਜੂਦ ਸਨ ਅਤੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਜ਼ਖ਼ਮੀ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ।”
ਲੈਥੀਅਨ ਨੇ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਰਿਸੈਪਸ਼ਨ ਸੈਂਟਰ ਅਤੇ ਹੈਲਪਲਾਈਨ ਸਥਾਪਤ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ, “ਅਸੀਂ ਅਜੇ ਆਪਣੀ ਜਾਂਚ ਦੇ ਸ਼ੁਰੂਆਤੀ ਪੜਾਅ ‘ਤੇ ਹਾਂ, ਪਰ ਇਹ ਇੱਕ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਸਕੀ ਰਿਜ਼ੌਰਟ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ।” ਪੁਲੀਸ ਵੱਲੋਂ ਇਸ ਮਾਮਲੇ ‘ਤੇ ਸਵੇਰੇ 10 ਵਜੇ ਕ੍ਰਾਂਨਸ-ਮੋਂਟਾਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਇਹ ਇਲਾਕਾ ਸਵਿਸ ਐਲਪਸ ਦੇ ਬਿਲਕੁਲ ਦਿਲ ਵਿੱਚ ਸਥਿਤ ਹੈ, ਜੋ ਮੈਟਰਹੋਰਨ ਤੋਂ ਮਹਿਜ਼ 40 ਕਿਲੋਮੀਟਰ (25 ਮੀਲ) ਉੱਤਰ ਵਿੱਚ ਹੈ।
The post ਨਵੇਂ ਸਾਲ ਦੇ ਜਸ਼ਨਾਂ ਦੌਰਾਨ ਅੱਗ ਕਾਰਨ 40 ਮੌਤਾਂ; ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ appeared first on Punjab Star.
