ਪੰਜਾਬ ’ਚੋਂ ਨਸ਼ਾ ਲਹਿਰ ਨਾਲ ਖਤਮ ਹੋਵੇਗਾ, ਸਖਤੀ ਨਾਲ ਨਹੀਂ : CM ਮਾਨ

ਜਲੰਧਰ : ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਸਿੱਖਿਆ ਸ਼ਾਸਤਰੀ ਅਤੇ ਸਥਾਨਕ ਲੋਕ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਵਿਚ ਨਸ਼ਾ ਹੈ ਪਰ ਪੰਜਾਬ ਨੂੰ ਜ਼ਿਆਦਾ ਬਦਨਾਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਗੁਜਰਾਤ ਵਿਚ ਫੜਿਆ ਜਾਂਦਾ ਹੈ ਪਰ ਉਥੇ ਕੋਈ ਗੱਲ ਨਹੀਂ ਕਰਦਾ ਬੱਸ ਪੰਜਾਬ ਨੂੰ ਬਦਨਾਮ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਲਹਿਰ ਨਾਲ ਖਤਮ ਹੋਵੇਗਾ ਨਾ ਸਖਤੀ ਦੇ ਨਾਲ। ਉਨ੍ਹਾਂ ਕਿਹਾ ਕਿ ਪੁਲਿਸ ਦੀ ਸਖ਼ਤੀ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਹੀ ਪੰਜਾਬ ਦੇ ਮੱਥੇ ਤੋਂ ਇਸ ਨਸ਼ੇ ਰੂਪੀ ਕਲੰਕ ਧੋਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਪੰਜਾਬ ਅੱਗੇ ਹਰ ਮੁਸੀਬਤ ਬੌਨੀ ਬਣ ਜਾਂਦੀ ਅਤੇ ਪੰਜਾਬੀ ਨਸ਼ਾ ਦੀ ਅਲਾਮਤ ਨੂੰ ਬੌਨੀ ਬਣਾ ਕੇ ਹੀ ਦਮ ਲੈਣਗੇ। ਉਨ੍ਹਾਂ ਨਿਯੁਕਤ ਕੀਤੇ ਗਏ ਪਿੰਡਾਂ ਦੇ ਪਹਿਰੇਦਾਰਾਂ ਨੂੰ ਕਿਹਾ ਤੁਸੀਂ ਪਿੰਡਾਂ ਵਿਚ ਨਸ਼ਾ ਤਸਕਰਾ ਦੇ ਖਿਲਾਫ ਪਹਿਰੇ ਦਿਓ ਅਤੇ ਸਰਕਾਰ ਤੁਹਾਡਾ ਸਾਥ ਦੇਵੇਗੀ।

ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਪੰਜਾਬ ਵਿੱਚ ਜਿਸ ਪੱਧਰ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਅਜਿਹੀ ਕਿਸੇ ਹੋਰ ਰਾਜ ਵਿੱਚ ਅਜੇ ਤੱਕ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਸਿਰਫ਼ ਦਾਅਵੇ ਹੀ ਕਰਦੀਆਂ ਰਹੀਆਂ, ਪਰ ਜ਼ਮੀਨੀ ਪੱਧਰ ‘ਤੇ ਕੋਈ ਬਦਲਾਅ ਦਿਖਾਈ ਨਹੀਂ ਦਿੱਤਾ। ਕੇਜਰੀਵਾਲ ਅਤੇ ਮਾਨ ਨੇ ਵਿਰੋਧੀ ਧਿਰਾਂ, ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਲੋਕ ਇਨ੍ਹਾਂ ਦਾ ਨਾਮ ਲੈਣ ਤੋਂ ਵੀ ਡਰਦੇ ਸਨ, ਪਰ ਅੱਜ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਦੋਸ਼ੀਆਂ ਨੂੰ ਜੇਲ੍ਹ ਦੇ ਪਿੱਛੇ ਸੁੱਟਿਆ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ੇ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੁੰਦੀਆਂ ਗਈਆਂ। ਜਦਿਕ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਸਹੁੰ ਖਾਧੀ ਸੀ ਕਿ ਉਹ ਪੰਜਾਬ ’ਚੋਂ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਉਨ੍ਹਾਂ ਵੱਲੋਂ ਨਸ਼ਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਕੇਜਰੀਵਾਲ ਨੇ ਦੱਸਿਆ ਕਿ ‘ਆਪ’ ਸਰਕਾਰ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਹੁਣ ਤੱਕ 28,000 ਤੋਂ ਵੱਧ ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 88 ਪ੍ਰਤੀਸ਼ਤ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਛੋਟੇ ਤੋਂ ਲੈ ਕੇ ਵੱਡੇ ਨਸ਼ਾ ਤਸਕਰ ਤੱਕ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ ਅਤੇ ਇੱਕ ਵੀ ਫਰਜ਼ੀ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਨਸ਼ਾ ਤਸਕਰਾਂ ਦੀ ਨਜਾਇਜ਼ ਕਮਾਈ ਨਾਲ ਬਣਾਏ ਗਏ ਵੱਡੇ-ਵੱਡੇ ਘਰਾਂ ਅਤੇ ਦਫ਼ਤਰਾਂ ‘ਤੇ ਸਰਕਾਰ ਨੇ ਬੁਲਡੋਜ਼ਰ ਚਲਾਇਆ ਹੈ।

ਆਪਣੇ ਸੰਬੋਧਨ ਵਿੱਚ ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਸ ਨਾਮ ਨੂੰ ਲੈਣ ਤੋਂ ਪੁਰਾਣੇ ਸਿਆਸਤਦਾਨ ਡਰਦੇ ਸਨ, ਉਸ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਲ੍ਹ ਵਿੱਚ ਡੱਕ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਹੁਣ ਅਪਰਾਧੀਆਂ ਅਤੇ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ।

The post ਪੰਜਾਬ ’ਚੋਂ ਨਸ਼ਾ ਲਹਿਰ ਨਾਲ ਖਤਮ ਹੋਵੇਗਾ, ਸਖਤੀ ਨਾਲ ਨਹੀਂ : CM ਮਾਨ appeared first on Punjab Star.

Related Posts