ਪੰਜਾਬ ਦੀ ਸਿਆਸਤ ‘ਚ ਅੱਜ ਵੱਡਾ ਉਲਟਫੇਰ; ਭਾਜਪਾ ’ਚ ਸ਼ਾਮਿਲ ਹੋਏ ਚਾਰ ਵੱਡੇ ਆਗੂ

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਅੱਜ ਵੱਡਾ ਉਲਟਫੇਰ ਹੋਇਆ ਹੈ। 2027 ਦੀਆਂ ਚੋਣਾਂ ਤੋਂ ਪਹਿਲਾ ਪੰਜਾਬ ਭਾਜਪਾ ਨੂੰ ਵੱਡੀ ਮਜ਼ੂਬੂਤੀ ਮਿਲੀ ਹੈ ਚਾਰ ਵੱਡੇ ਆਗੂ ਅੱਜ ਪੰਜਾਬ ਭਾਜਪਾ ‘ਚ ਸ਼ਾਮਿਲ ਹੋ ਗਏ। ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਰਿਪੁਜੀਤ ਬਰਾੜ, ਅਕਾਲੀ ਦਲ (ਪੁਨਰ ਸੁਰਜੀਤ) ਆਗੂ ਚਰਨਜੀਤ ਬਰਾੜ ਅਤੇ ਮੁੱਖ ਮੰਤਰੀ ਦੇ ਸਾਬਕਾ ਓਐਸਡੀ ਓਂਕਾਰ ਸਿੱਧੂ ਅੱਜ ਚੰਡੀਗੜ੍ਹ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਅੱਜ ਚੰਡੀਗੜ੍ਹ ਭਾਜਪਾ ਦਫ਼ਤਰ ਵਿਖੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਆਗੂਆਂ ਰਾਹੀਂ, ਭਾਜਪਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਪਣਾ ਵੋਟ ਬੈਂਕ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ,ਕਿਉਕਿ ਅੱਧੀਆਂ ਤੋਂ ਵੱਧ ਵਿਧਾਨ ਸਭਾ ਸੀਟਾਂ ਇਕੱਲੇ ਮਾਲਵਾ ਵਿੱਚ ਪੈਂਦੀਆਂ ਹਨ। ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਹੋਰ ਕਈ ਵੱਡੇ ਆਗੂ ਮੌਜੂਦ ਸਨ।

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣ ਗਏ ਹਨ ਕਿ ਭਾਜਪਾ ਹੀ ਇੱਕੋ ਇੱਕ ਮਜ਼ਬੂਤ ​​ਪਾਰਟੀ ਹੈ ਜੋ ਚਿੱਟਾ, ਗੈਂਗਸਟਰਵਾਦ ਨੂੰ ਖਤਮ ਕਰ ਕੇ ਨੌਕਰੀਆਂ ਦਿੰਦੀ ਹੈ। ਇਸ ਦੌਰਾਨ ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ਭਾਜਪਾ ਪਰਿਵਾਰ ਵਧ ਰਿਹਾ ਹੈ। ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ, ਜਿਨ੍ਹਾਂ ਨੇ ਪੰਜਾਬ ਦੀ ਭਲਾਈ ਲਈ ਇਹ ਫੈਸਲਾ ਲਿਆ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪਾਰਟੀ ਪੰਜਾਬ ਦੀ ਉਮੀਦ ਬਣੀ ਹੈ, ਪੰਜਾਬ ਦੀ ਜਨਤਾ ਨੂੰ ਭਾਜਪਾ ‘ਤੋਂ ਹੀ ਆਸਾਂ ਹਨ। ਜਾਖੜ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਪਰਿਵਾਰ ਦਾ ਵਿਸਥਾਰ ਹੋਇਆ ਹੈ। ਜੋ ਸ਼ਖਸੀਅਤਾਂ ਸ਼ਾਮਲ ਹੋਈਆਂ ਹਨ, ਉਨ੍ਹਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਇਨ੍ਹਾਂ ਚਾਰਾਂ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਛੱਡੀ ਹੈ। ਪੰਜਾਬ ਦੇ ਲੋਕ ਅੱਜ ਚਿੰਤਤ ਹਨ। ਕੋਈ ਵੀ ਸੁਰੱਖਿਅਤ ਨਹੀਂ ਹੈ। ਲੋਕ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਪਾਰਟੀ ਹੈ ਜੋ ਮੌਜੂਦਾ ਸਥਿਤੀ ਵਿੱਚ ਸੂਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲ ਸਕਦੀ ਹੈ।

The post ਪੰਜਾਬ ਦੀ ਸਿਆਸਤ ‘ਚ ਅੱਜ ਵੱਡਾ ਉਲਟਫੇਰ; ਭਾਜਪਾ ’ਚ ਸ਼ਾਮਿਲ ਹੋਏ ਚਾਰ ਵੱਡੇ ਆਗੂ appeared first on Punjab Star.

Related Posts