ਪੰਜਾਬ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਠੰਢ ਦੇ ਮੌਸਮ ਕਾਰਨ ਸਿੱਖਿਆ ਵਿਭਾਗ ਨੇ ਇਹ ਮਹੱਤਵਪੂਰਨ ਫੈਸਲਾ ਲਿਆ ਹੈ। ਪ੍ਰਾਇਮਰੀ ਸਕੂਲ ਹੁਣ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ। ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਹੁਣ ਸਵੇਰੇ 10 ਵਜੇ ਤੋਂ ਦੁਪਹਿਰ 3:20 ਵਜੇ ਤੱਕ ਖੁੱਲ੍ਹਣਗੇ। ਇਹ ਹੁਕਮ 16 ਜਨਵਰੀ ਤੋਂ 21 ਜਨਵਰੀ ਤੱਕ ਲਾਗੂ ਰਹਿਣਗੇ।
ਦੱਸ ਦੇਈਏ ਕਿ ਕੜਾਕੇ ਦੀ ਪੈ ਰਹੀ ਠੰਢ ਕਰਕੇ ਛੁੱਟੀਆਂ ਵਿਚ 13 ਜਨਵਰੀ ਤੱਕ ਵਾਧਾ ਕੀਤਾ ਗਿਆ ਸੀ। ਬੀਤੇ ਦਿਨ 14 ਜਨਵਰੀ ਨੂੰ ਵੀ ਵਧੇਰੇ ਸਕੂਲਾਂ ਵਿਚ ਘੱਟ ਗਿਣਤੀ ਵਿਚ ਹੀ ਬੱਚੇ ਪਹੁੰਚੇ। ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ‘ਚ ਹੱਡ ਚੀਰਵੀਂ ਠੰਢ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਅਜੇ ਪੰਜਾਬੀਆਂ ਨੂੰ ਇਸ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ। ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੂੰ ਅਜੇ 2 ਦਿਨ ਹੋਰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ 16 ਤਰੀਕ ਤੋਂ ਪਹਾੜਾਂ ‘ਤੇ ਬਰਫਬਾਰੀ ਤੇ ਪੰਜਾਬ ਵਿਚ ਹਲਕੇ ਮੀਂਹ ਦੀ ਸਥਿਤੀ ਬਣ ਰਹੀ ਹੈ ਤੇ ਜਦੋਂ ਕਿ ਅਗਲੇ ਹਫਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸਏਐੱਸ ਨਗਰ ਤੇ ਮੋਹਾਲੀ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ਵਿਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈ ਸਕਦੀ ਹੈ। ਜਦੋਂ ਕਿ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਕੋਲਡ ਡੇ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਲੁਧਿਆਣਾ ਵਿਚ ਸੀਤ ਲਹਿਰ ਚੱਲ ਸਕਦੀ ਹੈ।
The post ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, ਕੜਾਕੇ ਦੀ ਪੈ ਰਹੀ ਠੰਢ ਕਰਕੇ ਲਿਆ ਫੈਸਲਾ appeared first on Punjab Star.
