ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਪੰਜਾਬ – ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਤੋਂ ਬਾਅਦ ਅੱਜ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਗਰਜ ਦੇ ਨਾਲ ਮੀਂਹ ਸ਼ੁਰੂ ਹੋਇਆ। ਮੀਂਹ ਕਾਰਨ ਮੌਸਮ ਇੱਕ ਵਾਰ ਫਿਰ ਠੰਡਾ ਹੋ ਗਿਆ ਹੈ। ਤਾਪਮਾਨ ਇੱਕ ਵਾਰ ਫਿਰ ਡਿੱਗ ਗਿਆ ਹੈ। ਚੰਡੀਗੜ੍ਹ ਵਿੱਚ ਵੀ ਅੱਜ ਸਵੇਰੇ ਲਗਭਗ 2 ਵਜੇ ਮੀਂਹ ਸ਼ੁਰੂ ਹੋਇਆ। ਨਾਲ ਹੀ ਮੀਂਹ ਅਤੇ ਗੜੇਮਾਰੀ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ। ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਸ਼ੁੱਕਰਵਾਰ 23 ਜਨਵਰੀ ਨੂੰ ਦਿਨ ਭਰ ਮੌਸਮ ਖ਼ਰਾਬ ਰਹੇਗਾ। ਦਿਨ ਭਰ ਰੁਕ-ਰੁਕ ਕੇ ਮੀਂਹ ਪਵੇਗਾ। ਮੀਂਹ ਦੀ ਸੰਭਾਵਨਾ 78% ਹੈ। ਜਲੰਧਰ ਨਾਲ ਲੱਗਦੇ ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਪੱਛਮੀ ਗੜਬੜੀ ਦੇ ਕਾਰਨ ਅਗਲੇ ਦੋ ਦਿਨਾਂ ਲਈ ਮੀਂਹ, ਗਰਜ-ਤੂਫ਼ਾਨ ਅਤੇ ਗੜੇਮਾਰੀ ਦਾ ਪੀਲਾ ਅਲਰਟ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਗੜੇਮਾਰੀ ਹੋ ਸਕਦੀ ਹੈ। ਇਸ ਦੌਰਾਨ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਦੇ ਕੁਝ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਇਸ ਤੋਂ ਇਲਾਵਾ ਦਿੱਲੀ-ਚੰਡੀਗੜ੍ਹ ਪੱਟੀ ਦੇ ਜ਼ਿਲ੍ਹਿਆਂ ਪਾਣੀਪਤ, ਸੋਨੀਪਤ ਅਤੇ ਹਿਸਾਰ ਵਿੱਚ ਸਵੇਰ ਤੋਂ ਹੀ ਬੂੰਦਾਬਾਂਦੀ ਹੋ ਰਹੀ ਹੈ। ਪੱਛਮੀ ਗੜਬੜੀ ਕਾਰਨ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਨੇ ਸੱਤ ਜ਼ਿਲ੍ਹਿਆਂ ਕੈਥਲ, ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਯਮੁਨਾਨਗਰ, ਅੰਬਾਲਾ ਅਤੇ ਪੰਚਕੂਲਾ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਇੱਥੇ ਮੀਂਹ ਅਤੇ ਗੜੇਮਾਰੀ ਸੰਭਵ ਹੈ। 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਿਕ 23 ਜਨਵਰੀ ਨੂੰ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸਤੋਂ ਬਾਅਦ 24 ਤੋਂ 28 ਜਨਵਰੀ ਤਕ ਵੀ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
The post ਪੰਜਾਬ – ਹਰਿਆਣਾ ‘ਚ ਬਦਲਿਆ ਮੌਸਮ ਦਾ ਮਿਜਾਜ਼; ਮੀਂਹ ਤੇ ਠੰਢੀਆਂ ਹਵਾਵਾਂ ਨੇ ਵਧਾਈ ਠੰਢ; ਕਈ ਜ਼ਿਲ੍ਹਿਆਂ ‘ਚ ਗੜ੍ਹੇਮਾਰੀ ਦਾ ਅਲਰਟ appeared first on Punjab Star.
