ਨਵੀ ਦਿੱਲੀ : ਵੀਰ ਬਾਲ ਦਿਵਸ ਦੇ ਮੌਕੇ ‘ਤੇ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦੇ ਫਿਰੋਜ਼ਪੁਰ ਦੇ 10 ਸਾਲਾ ਲੜਕੇ ਸ਼ਰਵਣ ਸਿੰਘ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਸੇਵਾ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਸ਼ਰਵਣ ਸਿੰਘ ਨੂੰ ਇਹ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਦੱਸ ਦਈਏ ਕਿ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿਰੁੱਧ ਹਵਾਈ ਹਮਲਾ ਕੀਤਾ ਸੀ। ਜਵਾਬ ਵਿੱਚ, ਪਾਕਿਸਤਾਨ ਨੇ ਪੰਜਾਬ ਵਿੱਚ ਸਰਹੱਦ ‘ਤੇ ਹਮਲੇ ਸ਼ੁਰੂ ਕੀਤੇ, ਜਿਨ੍ਹਾਂ ਨੂੰ ਅਸਫਲ ਕਰਨ ਲਈ ਭਾਰਤੀ ਫੌਜ ਤਾਇਨਾਤ ਕੀਤੀ ਗਈ ਸੀ। ਜੰਗ ਦੌਰਾਨ 10 ਸਾਲਾ ਸ਼ਰਵਣ ਨੇ ਸਰਹੱਦ ‘ਤੇ ਤਾਇਨਾਤ ਸੈਨਿਕਾਂ ਨੂੰ ਆਪਣੇ ਘਰ ਤੋਂ ਦੁੱਧ, ਬਰੈੱਡ ਅਤੇ ਲੱਸੀ ਪਹੁੰਚਾਈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ, “ਸਾਰੇ ਬੱਚਿਆਂ ਨੇ ਆਪਣੇ ਪਰਿਵਾਰਾਂ, ਸਮਾਜ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਲਈ, ਮੈਂ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਵੀ ਦਿਲੋਂ ਵਧਾਈ ਦਿੰਦੀ ਹਾਂ।” ਉਨ੍ਹਾਂ ਕਿਹਾ ਕਿ ਮੈਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਵੀ ਸ਼ਲਾਘਾ ਕਰਦੀ ਹਾਂ ਕਿ ਉਨ੍ਹਾਂ ਨੇ ਅਜਿਹੇ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਬੱਚਿਆਂ ਲਈ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ।”
ਸ਼ਰਵਣ ਨੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਕਿਹਾ “ਜਦੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੇ ਪਿੰਡ ਜਵਾਨ ਤਾਇਨਾਤ ਸਨ ਤਾਂ ਮੈਂ ਸੋਚਿਆ ਕਿ ਮੈ ਉਨ੍ਹਾਂ ਦੀ ਸੇਵਾ ਕਰਨੀ ਹੈ। ਮੈਂ ਉਨ੍ਹਾਂ ਲਈ ਦੁੱਧ, ਚਾਹ, ਲੱਸੀ ਅਤੇ ਬਰਫ਼ ਲੈ ਕੇ ਜਾਂਦਾ ਸੀ। ਅੱਜ ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕਦੇ ਇਸ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।”
The post ਫਿਰੋਜ਼ਪੁਰ ਦੇ ਸ਼ਰਵਣ ਸਿੰਘ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਕੀਤਾ ਸਨਮਾਨਿਤ appeared first on Punjab Star.
