ਬੰਗਲਾਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ; ਜਾਣੋ ਕਿਉਂ ਬਣੇ ਹਾਲਾਤ ਤਣਾਅਪੂਰਨ!

ਨਵੀ ਦਿੱਲੀ : ਸ਼ੇਖ ਹਸੀਨਾ ਦੇ ਵਿਰੋਧੀ ਧਿਰ ਦੇ ਨੇਤਾ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿੱਚ ਹਿੰਸਾ ਭੜਕ ਗਈ ਹੈ। ਇਸ ਦੌਰਾਨ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਬਿਨਾ ਜ਼ਰੂਰੀ ਕੰਮ ਤੋਂ ਆਪਣੇ ਘਰੋਂ ਨਹੀਂ ਨਿਕਲਣਾ ਚਾਹੀਦਾ ਅਤੇ ਸਥਾਨਕ ਸਾਧਨਾਂ ਰਾਹੀਂ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ।

ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਦੋਸ਼ ਲਗਾਇਆ ਕਿ ਹਮਲਾਵਰ ਹਾਦੀ ‘ਤੇ ਹਮਲਾ ਕਰਨ ਤੋਂ ਬਾਅਦ ਭਾਰਤ ਭੱਜ ਗਏ। ਬੰਗਲਾਦੇਸ਼ ਵਿੱਚ ਸਥਿਤੀ ਭਾਰਤੀ ਨਾਗਰਿਕਾਂ ਲਈ ਬਹੁਤ ਹੀ ਤਨਾਅਪੂਰਨ ਬਣੀ ਹੋਈ ਹੈ।

ਹਾਦੀ ਦੀ ਮੌਤ ਤੋਂ ਬਾਅਦ ਰਾਸ਼ਟਰ ਨੂੰ ਟੈਲੀਵਿਜ਼ਨ ‘ਤੇ ਦਿੱਤੇ ਸੰਬੋਧਨ ਵਿੱਚ, ਬੰਗਲਾਦੇਸ਼ ਦੇ ਅੰਤਰਿਮ ਮੁਖੀ, ਮੁਹੰਮਦ ਯੂਨਸ ਨੇ ਕਿਹਾ, “ਉਨ੍ਹਾਂ ਦਾ ਦੇਹਾਂਤ ਦੇਸ਼ ਦੇ ਰਾਜਨੀਤਿਕ ਅਤੇ ਲੋਕਤੰਤਰੀ ਖੇਤਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਨਾਗਰਿਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਹੋਏ, ਯੂਨਸ ਨੇ ਕਿਹਾ ਕਿ ਸਰਕਾਰ ਇੱਕ ਪਾਰਦਰਸ਼ੀ ਜਾਂਚ ਕਰੇਗੀ ਅਤੇ ਘਟਨਾ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਸਜ਼ਾ ਦੇਵੇਗੀ।

ਦੱਸ ਦਈਏ ਕਿ ਉਸਮਾਨ ਹਾਦੀ ਜੁਲਾਈ 2024 ਵਿੱਚ ਸ਼ੇਖ ਹਸੀਨਾ ਵਿਰੁੱਧ ਵਿਦਿਆਰਥੀ ਅੰਦੋਲਨ ਦੇ ਮੁੱਖ ਆਗੂਆਂ ਵਿੱਚੋਂ ਇੱਕ ਸੀ। 12 ਦਸੰਬਰ ਨੂੰ ਚੋਣ ਪ੍ਰਚਾਰ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਫਿਰ ਉਸਨੂੰ ਬਿਹਤਰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਅਤੇ ਛੇ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਹਾਦੀ ਦੀ ਮੌਤ ਤੋਂ ਬਾਅਦ ਹਿੰਸਾ ਭੜਕ ਗਈ ਹੈ, ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਦੇਰ ਰਾਤ ਦੇਸ਼ ਦੇ ਸਭ ਤੋਂ ਵੱਡੇ ਅਖਬਾਰਾਂ ਦੇ ਦਫਤਰਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਦੀ ਵੀ ਭੰਨਤੋੜ ਕੀਤੀ ਗਈ ਹੈ ਅਤੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਦਫ਼ਤਰ ਨੂੰ ਵੀ ਸਾੜ ਦਿੱਤਾ ਗਿਆ ਹੈ।

The post ਬੰਗਲਾਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ; ਜਾਣੋ ਕਿਉਂ ਬਣੇ ਹਾਲਾਤ ਤਣਾਅਪੂਰਨ! appeared first on Punjab Star.

Related Posts