ਭਾਰਤ ਨੇ 6ਵੀਂ ਵਾਰ ਅੰਡਰ-19 ਵਰਲਡ ਕੱਪ ਜਿੱਤ ਲਿਆ ਹੈ। ਟੀਮ ਨੇ ਸ਼ੁੱਕਰਵਾਰ ਨੂੰ ਇੰਗਲੈਂਡ ‘ਤੇ 100 ਦੌੜਾਂ ਦੀ ਜਿੱਤ ਹਾਸਲ ਕੀਤੀ। ਹਰਾਰੇ ਸਪੋਰਟਸ ਕਲੱਬ ਵਿਚ ਭਾਰਤੀ ਟੀਮ ਨੇ ਟੌਸ ਜਿੱਤ ਕੇ ਬੈਟਿੰਗ ਚੁਣੀ। ਟੀਮ ਨੇ 50 ਓਵਰਾਂ ਵਿਚ 9 ਵਿਕਟਾਂ ‘ਤੇ 411 ਦੌੜਾਂ ਬਣਾਈਆਂ।
14 ਸਾਲ ਦੇ ਵੈਭਵ ਸੂਰਯੰਸ਼ੀ ਨੇ 80 ਗੇਂਦਾਂ ‘ਤੇ 175 ਦੌੜਾਂ ਬਣਾਈਆਂ।ਇਨ੍ਹਾਂ ਵਿਚੋਂ 150 ਦੌੜਾਂ ਬਾਊਂਡਰੀ ਨਾਲ ਬਣੇ। ਵੈਭਵ ਨੇ 218.75 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ ਪਾਰੀ ਵਿਚ 15 ਚੌਕੇ ਤੇ 15 ਛੱਕੇ ਲਗਾਏ। ਕਪਤਾਨ ਆਯੁਸ਼ ਮਹਾਤਰੇ ਨੇ 53 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਸੇਬੇਸਟੀਅਨ ਮਾਰਗਨ ਤੇ ਅਲੈਕਸ ਗ੍ਰੀਨ ਨੇ 2-2 ਵਿਕਟਾਂ ਲਈਆਂ।
412 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਇੰਗਲਿਸ਼ ਟੀਮ 40.2 ਓਵਰਾਂ ਵਿਚ 311 ਦੌੜਾਂ ‘ਤੇ ਆਲਆਊਟ ਹੋ ਗਈ। ਆਰਐੱਸ ਅੰਬਰੀਸ਼ ਨੇ 3 ਵਿਕਟਾਂ ਲਈਆਂ। ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੂੰ 2-2 ਵਿਕਟਾਂ ਮਿਲੀਆਂ। ਇੰਗਲੈਂਡ ਦੇ ਕਾਲੇਬ ਫਾਲਕਨਰ ਨੇ 67 ਗੇਂਦਾਂ ‘ਤੇ 115 ਦੌੜਾਂ ਬਣਾਈਆਂ। ਓਪਨਰ ਬੇਨ ਡਾਕਿੰਨਸ ਨੇ 56 ਗੇਂਦਾਂ ‘ਤੇ 66 ਦੌੜਾਂ ਦੀ ਪਾਰੀ ਖੇਡੀ।
ਪੀਐੱਮ ਮੋਦੀ ਨੇ ਅੰਡਰ-19 ਟੀਮ ਨੂੰ ਵਰਲਡ ਕੱਪ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਇਹ ਜਿੱਤ ਸੈਂਕੜੇ ਯੁਵਾ ਕ੍ਰਿਕਟਰਾਂ ਨੂੰ ਉਤਸ਼ਾਹਿਤ ਕਰੇਗੀ ਤੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ।
The post ਭਾਰਤ ਨੇ ਰਚਿਆ ਇਤਿਹਾਸ, ਅੰਡਰ-19 ‘ਚ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ, ਇੰਗਲੈਂਡ ਨੂੰ 100 ਦੌੜਾਂ ਤੋਂ ਹਰਾਇਆ appeared first on Punjab Star.
