ਲੁਧਿਆਣਾ : ਪੰਜਾਬ ਪੁਲਿਸ ਵੱਲੋਂ ‘ਗੈਂਗਸਟਰਾਂ ਖ਼ਿਲਾਫ਼ ਵਾਰ’ ਨੂੰ ਹੋਰ ਤੇਜ਼ ਕਰਦੇ ਹੋਏ ਰਾਜ ਭਰ ਵਿੱਚ ਆਪ੍ਰੇਸ਼ਨ ਪ੍ਰਹਾਰ 2.0 ਜਾਰੀ ਹੈ। ਇਸੇ ਤਹਿਤ ਪੰਜਾਬ ਪੁਲਿਸ ਨੇ ਪੰਜਾਬੀ ਗਾਇਕਾ ਪਰਮਜੀਤ ਕੌਰ ਅਤੇ ਉਸਦੇ ਭਰਾ ਨੂੰ ਖੰਨਾ, ਲੁਧਿਆਣਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਹੈ। ਪਰਮਜੀਤ ਕੌਰ ਪੰਜਾਬੀ ਗਾਇਕਾ ਵੀ ਰਹੀ ਹੈ ਇਸਦੇ ਕਾਫ਼ੀ ਸੱਭਿਆਚਾਰਕ ਤੇ ਧਾਰਮਿਕ ਗੀਤ ਵੀ ਰਿਲੀਜ਼ ਹੋਏ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਜਦੋਂ ਕੁਹਾੜਾ ਰੋਡ ਅਢਿਆਣਾ ਬੱਸ ਸਟੈਂਡ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਨੌਜਵਾਨ ਤੇ ਔਰਤ ਆਪਸ ’ਚ ਖੜ੍ਹੇ ਗੱਲ੍ਹਾਂ ਮਾਰ ਰਹੇ ਸਨ। ਪਰ ਜਿਵੇ ਇਹ ਉਨ੍ਹਾਂ ਪੁਲਸ ਪਾਰਟੀ ਨੂੰ ਦੇਖਿਆ ਉਹ ਘਬਰਾ ਕੇ ਬੱਸ ਅੱਡੇ ਅੰਦਰ ਵੜ ਕੇ ਬੈਠ ਗਏ, ਇਸ ਦੌਰਾਨ ਨੌਜਵਾਨ ਨੇ ਆਪਣੀ ਪੈਂਟ ’ਚੋਂ ਇਕ ਛੋਟਾ ਲਿਫ਼ਾਫ਼ਾ ਕੱਢਿਆ ਅਤੇ ਨਾਲ ਬੈਠੀ ਔਰਤ ਨੂੰ ਫੜਾ ਦਿੱਤਾ। ਇਸ ਨੂੰ ਉਸ ਨੇ ਪਿੱਛੇ ਸੁੱਟ ਦਿੱਤਾ।
ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਤੋਂ ਜਦੋਂ ਨਾਮ ਪੁੱਛਿਆ ਗਿਆ ਤਾਂ ਇਕ ਨੇ ਆਪਣਾ ਨਾਮ ਸਰਵਣ ਸਿੰਘ ਤੇ ਔਰਤ ਨੇ ਆਪਣਾ ਨਾਮ ਪਰਮਜੀਤ ਕੌਰ ਦੱਸਿਆ। ਪੁਲਸ ਨੂੰ ਲਿਫਾਫੇ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਸਰਵਣ ਸਿੰਘ ਤੇ ਪਰਮਜੀਤ ਕੌਰ ਦੋਵੇਂ ਪਿੰਡ ਰਹੀਮਾਬਾਦ ਖ਼ੁਰਦ ਦੇ ਨਿਵਾਸੀ ਹਨ, ਜੋ ਆਪਸ ’ਚ ਭਰਾ-ਭੈਣ ਹਨ। ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਦੇ ਦੂਜੇ ਪੜਾਅ ਦਾ ਅੱਜ ਦੂਜਾ ਦਿਨ ਹੈ। ਸੀਨੀਅਰ ਅਧਿਕਾਰੀ ਅੱਜ ਵੀ ਫੀਲਡ ਵਿੱਚ ਤਾਇਨਾਤ ਰਹਿਣਗੇ। ਹੁਣ ਤੱਕ ਕਾਰਵਾਈ ਵਿੱਚ 1,200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
The post ਮਸ਼ਹੂਰ ਪੰਜਾਬੀ ਗਾਇਕਾ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ appeared first on Punjab Star.
