ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ; ਦਿੱਤਾ ਇਹ ਖਾਸ ਸੁਨੇਹਾ

ਚੰਡੀਗੜ੍ਹ : ਅੱਜ ਪੰਜਾਬ ਭਰ ਵਿੱਚ ਲੋਹੜੀ ਦਾ ਤਿਓਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਾਜ਼ਾਰ ਮੂੰਗਫਲੀ- ਰਿਓੜੀਆਂ ਅਤੇ ਪਤੰਗਾਂ ਨਾਲ ਭਰੇ ਹੋਏ ਹਨ। ਹਰ ਗਲੀ ਢੋਲ ਦੀ ਤਾਲ ‘ਤੇ ਜਸ਼ਨ ਦੀ ਤਿਆਰੀ ਕਰ ਰਹੀ ਹੈ। ਇਸ ਵਿਚਾਲੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਉਨ੍ਹਾਂ ਟਵੀਟ ਕੀਤਾ ਕਿ “ਖੁਸ਼ੀਆਂ, ਉਤਸ਼ਾਹ ਅਤੇ ਉਮੰਗਾਂ ਦੇ ਪ੍ਰਤੀਕ ਲੋਹੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ, ਤਰੱਕੀਆਂ ਅਤੇ ਚੜ੍ਹਦੀਕਲਾ ਬਖਸ਼ਣ। ਇਹ ਤਿਉਹਾਰ ਆਪ ਸਭ ਦੇ ਵੇਹੜੇ ਖੁਸ਼ੀਆਂ-ਖੇੜਿਆਂ ਦੀ ਸੌਗ਼ਾਤ ਲੈ ਕੇ ਆਵੇ।”

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਦੇਸ਼ ਵਾਸੀਆਂ ਨ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ “ਰਿਸ਼ਤਿਆਂ ਦੇ ਨਿੱਘ ਅਤੇ ਮਿਠਾਸ ਨਾਲ ਭਰੇ ਤਿਉਹਾਰ ‘ਲੋਹੜੀ’ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ, ਆਓ, ਖੁਸ਼ੀਆਂ ਦੇ ਇਸ ਤਿਉਹਾਰ ਨੂੰ ਧੀ-ਪੁੱਤ ਦਾ ਵਿਤਕਰਾ ਕੀਤੇ ਬਿਨਾਂ ਮਨਾਈਏ ਤਾਂ ਹੀ ਸਾਡੇ ਇਹ ਤਿਉਹਾਰ ਅਸਲ ਮਾਇਨਿਆਂ ਵਿੱਚ ਸਾਰਥਕ ਹੋਣਗੇ । ਅਕਾਲ ਪੁਰਖ ਮਿਹਰ ਕਰਨ ਆਪ ਸਭ ਨੂੰ ਖੁਸ਼ੀਆਂ ਖੇੜਿਆਂ ਨਾਲ ਨਿਵਾਜਣ ਅਤੇ ਇਹ ਨਿੱਘ ਬਿਖੇਰਦਾ ਤਿਉਹਾਰ ਪੰਜਾਬ ਲਈ ਨਵੀਂ ਉਮੰਗ, ਉਤਸ਼ਾਹ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ ।”

ਦੱਸ ਦਈਏ ਕਿ ਲੋਹੜੀ ਪੰਜਾਬੀਆਂ ਦੇ ਸਭ ਤੋਂ ਅਹਿਮ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਉਂਝ ਤਾਂ ਲੋਹੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ ਲਈ ਇਸ ਪਰਵ ਦਾ ਕੁਝ ਖਾਸ ਹੀ ਮਹੱਤਵ ਹੈ। ਇਹ ਤਿਉਹਾਰ ਖੁਸ਼ੀਆਂ ਅਤੇ ਸੁੱਖ ਸ਼ਾਂਤੀ ਦਾ ਪ੍ਰਤੀਕ ਹੈ। ਲੋਹੜੀ ਦਾ ਤਿਉਹਾਰ ਮਾਘੀ ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ। ਇਸ ਦਿਨ ਮੂੰਗਫਲੀ, ਤਿਲ, ਗੁੜ, ਗਜਕ, ਮੱਕੀ ਨੂੰ ਲੋਹੜੀ ਦੀ ਅੱਗ ‘ਤੇ ਵਾਰ ਕੇ ਖਾਣ ਦੀ ਰਵਾਇਤ ਹੈ। ਇਸ ਤਿਉਹਾਰ ਤੋਂ 20-30 ਦਿਨ ਪਹਿਲਾਂ ਬੱਚੇ ਲੋਹੜੀ ਦੇ ਲੋਕ ਗੀਤ ਗਾ ਕੇ ਘਰ-ਘਰ ਜਾ ਕੇ ਲੱਕੜ ਅਤੇ ਗੋਹੇ ਦੀਆਂ ਪਾਥੀਆਂ ਇਕੱਠੇ ਕਰਦੇ ਹਨ। ਇਸ ਤੋਂ ਬਾਅਦ ਕਿਸੇ ਖੁੱਲ੍ਹੀ ਜਗ੍ਹਾ ‘ਤੇ ਅੱਗ ਬਾਲੀ ਜਾਂਦੀ ਹੈ। ਇਸ ਤੋਂ ਬਾਅਦ ਉਹ ਇਕੱਠੇ ਅੱਗ ਦੇ ਆਲੇ-ਦੁਆਲੇ ਖੁਸ਼ੀ ਦੇ ਗੀਤ ਗਾਉਂਦੇ ਅਤੇ ਨੱਚ ਟੱਪ ਕੇ ਖੁਸ਼ੀ ਮਨਾਉਂਦੇ ਹਨ।

The post ਮੁੱਖ ਮੰਤਰੀ ਭਗਵੰਤ ਮਾਨ ਨੇ ਲੋਹੜੀ ਦੇ ਤਿਉਹਾਰ ਦੀਆਂ ਦਿੱਤੀਆਂ ਵਧਾਈਆਂ; ਦਿੱਤਾ ਇਹ ਖਾਸ ਸੁਨੇਹਾ appeared first on Punjab Star.

Related Posts