ਚੰਡੀਗੜ੍ਹ : ਮੋਹਾਲੀ ਵਿੱਚ ਪੁਲਿਸ ਅਤੇ ਨਾਮੀ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ ਹੈ। ਮੋਹਾਲੀ ਦੇ ਲਾਲੜੂ ਵਿੱਚ ਇਹ ਪੁਲਿਸ ਮੁਕਾਬਲਾ ਹੋਇਆ। ਬੀਤੇ ਸੋਮਵਾਰ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਨੂੰ ਮੋਹਾਲੀ ਦੇ ਸੋਹਾਣਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸੇ ਮਾਮਲੇ ਵਿੱਚ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ।
ਮੋਹਾਲੀ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਲਾਲੜੂ ਦੇ ਲਾਹਲੀ ਨੇੜੇ ਹੋਏ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਗਿਆ। ਇਹ ਗੈਂਗਸਟਰ ਰਾਣਾ ਬਲਾਚੌਰੀਆ ਦੇ ਕਤਲ ਵਿੱਚ ਸ਼ਾਮਲ ਸੀ। ਇਸ ਮੁਕਾਬਲੇ ਵਿੱਚ ਦੋ ਪੁਲਿਸ ਅਧਿਕਾਰੀਆਂ ਨੂੰ ਵੀ ਗੋਲੀ ਲੱਗੀ। ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ। ਗੈਂਗਸਟਰ ਦੀ ਪਛਾਣ ਹਰਪਿੰਦਰ ਸਿੰਘ ਉਰਫ ਮਿੱਠੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਹਰਪਿੰਦਰ ਸਿੰਘ ਨੇ ਰਾਣਾ ਬਲਾਚੌਰੀਆ ਦੇ ਕਤਲ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਹ ਸ਼ੂਟਰਾਂ ਦਾ ਸਾਥੀ ਸੀ।
ਮਸ਼ਹੂਰ ਕਬੱਡੀ ਪ੍ਰਮੋਟਰ ਅਤੇ ਖਿਡਾਰੀ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਸੋਮਵਾਰ ਸ਼ਾਮ ਨੂੰ ਸੋਹਾਣਾ ਇਲਾਕੇ ਦੇ ਸੈਕਟਰ-82 ਦੇ ਮੈਦਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਰਾਣਾ ਬਲਾਚੌਰੀਆ ਦਾ ਕਤਲ ਯੋਜਨਾਬੱਧ ਸੀ। ਮੋਟਰਸਾਈਕਲ ‘ਤੇ ਸਵਾਰ ਦੋ ਸ਼ੂਟਰ ਸੈਲਫੀ ਲੈਣ ਦੇ ਬਹਾਨੇ ਰਾਣਾ ਕੋਲ ਪਹੁੰਚੇ ਅਤੇ .30 ਬੋਰ ਦੇ ਪਿਸਤੌਲ ਨਾਲ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।
ਇਸ ਤੋਂ ਇਲਾਵਾ ਪੁਲਿਸ ਨੇ ਬੰਬੀਹਾ ਗੈਂਗ ਦੇ ਮੂਸੇਵਾਲਾ ਕਤਲ ਦਾ ਬਦਲਾ ਲੈਣ ਦੇ ਦਾਅਵੇ ਨੂੰ ਵੀ ਖਾਰਜ ਕੀਤਾ ਹੈ। ਉਨ੍ਹਾਂ ਕਿਹਾ, “ਇਹ ਕਤਲ ਕਬੱਡੀ ਨੂੰ ਕੰਟਰੋਲ ਕਰਨ ਅਤੇ ਆਪਣਾ ਦਬਦਬਾ ਕਾਇਮ ਕਰਨ ਲਈ ਕੀਤਾ ਗਿਆ ਸੀ।” ਜ਼ਿਕਰਯੋਗ ਹੈ ਕਿ ਬੰਬੀਹਾ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਸੀ ਕਿ ਰਾਣਾ ਬਲਾਚੌਰੀਆ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਸੀ। ਇਸ ਲਈ, ਉਸਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਸੀ।
The post ਮੋਹਾਲੀ ਵਿੱਚ ਵੱਡਾ ਐਨਕਾਊਂਟਰ; ਰਾਣਾ ਬਲਾਚੌਰੀਆ ਦੇ ਕਤਲ ‘ਚ ਸ਼ਾਮਲ ਸ਼ੂਟਰ ਢੇਰ appeared first on Punjab Star.
