ਵੱਡੀ ਖ਼ਬਰ! ਪੰਜਾਬ ਦੇ ਸਕੂਲਾਂ ‘ਚ ਮੁੜ ਵਧੀਆਂ ਛੁੱਟੀਆਂ

ਚੰਡੀਗੜ੍ਹ : ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਠੰਢ ਅਤੇ ਧੁੰਦ ਦੇ ਮੱਦੇਨਜ਼ਰ, ਸਕੂਲਾਂ ਦੀਆਂ ਛੁੱਟੀਆਂ 13 ਜਨਵਰੀ ਤੱਕ ਜਾਰੀ ਰਹਿਣਗੀਆਂ। ਪੰਜਾਬ ਦੇ ਸਕੂਲ 24 ਦਸੰਬਰ ਤੋਂ ਬੰਦ ਹਨ ਅਤੇ ਕੱਲ੍ਹ, 8 ਜਨਵਰੀ ਨੂੰ ਦੁਬਾਰਾ ਖੁੱਲ੍ਹਣੇ ਸਨ। ਪਰ ਹੁਣ ਲਗਾਤਾਰ ਵਧਦੀ ਠੰਢ ਕਾਰਨ ਸਕੂਲ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਸ ਸੰਬੰਧੀ ਟਵੀਟ ਕਰ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ‘ਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।”

ਦੱਸ ਦਈਏ ਕਿ ਠੰਢ ਕਾਰਨ ਪੰਜਾਬ ਸਰਕਾਰ ਨੇ 24 ਦਸੰਬਰ ਤੋਂ 31 ਦਸੰਬਰ ਤੱਕ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਸਕੂਲ 1 ਜਨਵਰੀ ਨੂੰ ਦੁਬਾਰਾ ਖੁੱਲ੍ਹਣੇ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਸਨ। ਹਾਲਾਂਕਿ, ਹੁਣ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 13 ਜਨਵਰੀ ਤੱਕ ਪੰਜਾਬ ਵਿੱਚ ਸ਼ੀਤ ਲਹਿਰ ਅਤੇ ਧੁੰਦ ਜਾਰੀ ਰਹੇਗੀ। ਮੌਸਮ ਵਿਭਾਗ ਨੇ ਠੰਢੇ ਦਿਨਾਂ, ਸ਼ੀਤ ਲਹਿਰਾਂ ਅਤੇ ਧੁੰਦ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਛੁੱਟੀਆਂ ਨੂੰ 13 ਜਨਵਰੀ ਤੱਕ ਵਧਾ ਦਿੱਤਾ ਹੈ।

ਪੰਜਾਬ ਤੋਂ ਇਲਾਵਾ ਯੂਪੀ, ਦਿੱਲੀ-ਹਰਿਆਣਾ, ਬਿਹਾਰ ‘ਚ ਵੀ ਛੁੱਟੀਆਂ ਵਧਾਈਆਂ ਜਾ ਚੁੱਕੀਆਂ ਹਨ। ਰਾਜਧਾਨੀ ਦਿੱਲੀ ਦੇ ਸਕੂਲ 15 ਜਨਵਰੀ ਤੱਕ ਬੰਦ ਰਹਿਣਗੇ। ਐਨਸੀਆਰ ਦੀ ਗੱਲ ਕਰੀਏ ਤਾਂ ਹਰਿਆਣਾ ਨੇ ਵੀ 1 ਤੋਂ 15 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ, ਜੋ ਕਿ ਬੱਚਿਆਂ ਲਈ ਇੱਕ ਵੱਡੀ ਰਾਹਤ ਹੈ। ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਠੰਢ ਦੀ ਲਹਿਰ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਗਈਆਂ ਹਨ। ਬਰੇਲੀ ਵਿੱਚ, ਜ਼ਿਲ੍ਹਾ ਮੈਜਿਸਟਰੇਟ ਨੇ ਸਾਰੇ ਸਕੂਲ 10 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

The post ਵੱਡੀ ਖ਼ਬਰ! ਪੰਜਾਬ ਦੇ ਸਕੂਲਾਂ ‘ਚ ਮੁੜ ਵਧੀਆਂ ਛੁੱਟੀਆਂ appeared first on Punjab Star.

Related Posts