ਕ੍ਰਾਂਸ-ਮੋਂਟਾਨਾ: ਸਵਿਟਜ਼ਰਲੈਂਡ ਵਿੱਚ ਨਵੇਂ ਸਾਲ ਦੇ ਜਸ਼ਨ ਸੋਗ ‘ਚ ਬਦਲ ਗਏ। ਐਲਪਸ ਵਿੱਚ ਸਥਿਤ ਕ੍ਰਾਂਸ-ਮੋਂਟਾਨਾ ਸਕੀ ਰਿਜ਼ੋਰਟ ਦੇ ਇੱਕ ਬਾਰ ਵਿੱਚ ਨਵੇਂ ਸਾਲ ਦੀ ਪਾਰਟੀ ਦੌਰਾਨ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਲਗਭਗ 47 ਲੋਕਾਂ ਦੀ ਮੌਤ ਹੋ ਗਈ ਅਤੇ 115 ਹੋਰ ਜ਼ਖਮੀ ਹੋ ਗਏ। ਦੱਸ ਦਈਏ ਜ਼ਖਮੀਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਹਾਦਸਾ ਲੇ ਕੰਸਟੇਲੇਸ਼ਨ ਨਾਮਕ ਬਾਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਇਸ ਘਟਨਾ ਤੋਂ ਬਾਅਦ ਸਵਿਟਜ਼ਰਲੈਂਡ ਵਿੱਚ 5 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।
ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਵੈਲੇਸ ਕੈਂਟਨ ਪੁਲਿਸ ਕਮਾਂਡਰ ਫ੍ਰੈਡਰਿਕ ਗਿਸਲਰ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਕਾਰਨ ਮ੍ਰਿਤਕਾਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਲ ਹੋ ਗਿਆ ਸੀ, ਇਸ ਲਈ ਸ਼ੁਰੂ ਵਿੱਚ ਸਿਰਫ਼ ਕਈ ਲੋਕਾਂ ਦੇ ਮਰਨ ਦਾ ਖ਼ਦਸ਼ਾ ਸੀ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 47 ਦੇ ਆਸ-ਪਾਸ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਅਤੇ ਸੈਲਾਨੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਆਏ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ।
ਕਿਹਾ ਜਾ ਰਿਹਾ ਹੈ ਕਿ ਅੱਗ ਦੌਰਾਨ ਕਈ ਧਮਾਕੇ ਵੀ ਹੋਏ। ਬਾਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਟਲੀ ਤੋਂ ਬਚਾਅ ਅਤੇ ਰਾਹਤ ਟੀਮਾਂ ਨੂੰ ਬੁਲਾਇਆ ਗਿਆ ਸੀ। ਸਵਿਟਜ਼ਰਲੈਂਡ ਵਿੱਚ ਧਮਾਕੇ ਵਾਲੀ ਥਾਂ ਰਾਜਧਾਨੀ ਬਰਨ ਤੋਂ ਦੋ ਘੰਟੇ ਦੀ ਦੂਰੀ ‘ਤੇ ਸਥਿਤ ਹੈ।
ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਸਭ ਤੋਂ ਮਸ਼ਹੂਰ ਸਕੀ ਰਿਜ਼ੋਰਟਾਂ ਵਿੱਚੋਂ ਇੱਕ, ਕ੍ਰਾਂਸ-ਮੋਂਟਾਨਾ, ਨਵੇਂ ਸਾਲ ਦੀਆਂ ਛੁੱਟੀਆਂ ਅਤੇ ਜਸ਼ਨਾਂ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਇਥੇ ਆਉਂਦੇ ਹਨ। ਇਸ ਸਮੇਂ ਦੌਰਾਨ ਅਕਸਰ ਭੀੜ ਜ਼ਿਆਦਾ ਹੁੰਦੀ ਹੈ। ਓਧਰ ਦੂਜੇ ਪਾਸੇ ਸਵਿਸ ਰਾਸ਼ਟਰਪਤੀ ਨੇ ਇਸ ਘਟਨਾ ਨੂੰ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਤ੍ਰਾਸਦੀਆਂ ਵਿੱਚੋਂ ਇੱਕ ਦੱਸਿਆ ਹੈ। ਹਾਦਸੇ ਤੋਂ ਬਾਅਦ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਦਰਜਨਾਂ ਹੈਲੀਕਾਪਟਰ, ਐਂਬੂਲੈਂਸਾਂ ਅਤੇ ਬਚਾਅ ਕਰਮਚਾਰੀ ਸ਼ਾਮਲ ਸਨ। ਜਾਂਚ ਜਾਰੀ ਹੈ।
The post ਸਵਿਟਜ਼ਰਲੈਂਡ ਰਿਜ਼ੋਰਟ ਅਗਨੀਕਾਂਡ: ਮ੍ਰਿਤਕਾਂ ਦੀ ਗਿਣਤੀ ਹੋਈ 40 ਤੋਂ ਪਾਰ; ਨਵੇਂ ਸਾਲ ਦੇ ਜਸ਼ਨ ਦੌਰਾਨ ਲੱਗੀ ਸੀ ਅੱਗ appeared first on Punjab Star.
