ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਮੁੱਖ ਮੰਤਰੀ ਮਾਨ ਸਵੇਰੇ ਨੰਗੇ ਪੈਰੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ ਉਨ੍ਹਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਆਪਣੇ ਬਿਆਨਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਥੇਦਾਰ ਸਹਿਬਾਨ ਦੇ ਸਾਹਮਣੇ ਹੱਥ ਜੋੜ ਕੇ ਜ਼ਮੀਨ ‘ਤੇ ਬੈਠੇ ਰਹੇ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਕ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪਿਆ। ਉਨ੍ਹਾਂ ਕਿਹਾ ਹੁਣ ਸਿੰਘ ਸਾਹਿਬ ਜੋ ਵੀ ਫੈਸਲਾ ਲੈਣਗੇ, ਉਹ ਬਾਅਦ ਵਿੱਚ ਦੱਸਿਆ ਜਾਵੇਗਾ। ਮੈਂ ਉਨ੍ਹਾਂ ਦੇ ਹਰ ਫੈਸਲੇ ਨਾਲ ਸਹਿਮਤ ਹਾਂ। ਉਨ੍ਹਾਂ ਕਿਹਾ ਕਿ ਇਹ ਧਾਰਨਾ ਬਣਾਈ ਜਾ ਰਿਹਾ ਸੀ ਕਿ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇ ਰਹੇ ਹਨ, ਪਰ ਅਜਿਹੇ ਕੋਈ ਇਰਾਦੇ ਨਹੀਂ ਸਨ।ਉਨ੍ਹਾਂ ਕਿਹਾ ਕਿ ਮੈਨੂੰ ਇਥੇ ਪੇਸ਼ ਹੋ ਕੇ ਸਕੂਨ ਮਿਲਿਆ ਹੈ ਤੇ ਸੰਤੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਦੀ ਨਾ ਮੇਰੀ ਹਿੰਮਤ ਹੈ ਤੇ ਨਾ ਹੀ ਮੇਰੀ ਔਕਾਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀਆਂ ਜੋ ਵੀ ਹਦਾਇਤਾਂ ਜਾਂ ਫੈਸਲੇ ਲਏ ਜਾਣਗੇ, ਉਨ੍ਹਾਂ ਬਾਰੇ ਸੂਚਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਉਨ੍ਹਾਂ ਦੇ ਪੇਸ਼ ਹੋਣ ਦਾ ਸਮਾਂ ਅੱਜ ਚੌਥੀ ਵਾਰ ਬਦਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੱਦੇ ’ਤੇ ਕੁਝ ਪੰਥਕ ਮਾਮਲਿਆਂ ਸੰਬੰਧੀ ਸਪੱਸ਼ਟੀਕਰਨ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ। ਉਨ੍ਹਾਂ ਦੇ ਪੇਸ਼ ਹੋਣ ਦਾ ਸਮਾਂ ਚੌਥੀ ਵਾਰ ਬਦਲਿਆ ਗਿਆ। ਮੁੱਖ ਮੰਤਰੀ ਮਾਨ ਦੁਪਹਿਰ 12 ਵਜੇ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਸਵੇਰੇ 11:30 ਵਜੇ ਹੀ ਅਕਾਲ ਤਖ਼ਤ ਸਕੱਤਰੇਤ ਪਹੁੰਚ ਗਏ ਸਨ।
The post ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ CM ਭਗਵੰਤ ਮਾਨ; ਰੱਖਿਆ ਆਪਣਾ ਪੱਖ appeared first on Punjab Star.
