ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫ਼ੀ, ਜਥੇਦਾਰ ਗੜਗੱਜ ਵੱਲੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਅਨੇਕਾਂ ਪੰਥਕ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ ਹੈ। ਵਿਰਸਾ ਸਿੰਘ ਵਲਟੋਹਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਮੁਆਫ਼ੀ ਮੰਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਫੈਸਲਿਆਂ ਦੇ ਸਬੰਧ ‘ਚ ਕੁੱਝ ਲੋਕਾਂ ਵਲੋਂ ਪੇਸ਼ ਹੋ ਕੇ ਮੁਅਫ਼ੀਆਂ ਮੰਗੀਆਂ ਗਈਆਂ ਹਨ।

ਫਸੀਲ ਤੋਂ ਸਿੰਘ ਸਾਹਿਬਾਨ ਨੇ ਵਲਟੋਹਾ ‘ਤੇ ਸ਼੍ਰੋਮਣੀ ਅਕਾਲੀ ਦਲ ‘ਚੋਂ 10 ਸਾਲ ਬਾਹਰ ਰਹਿਣ ਦੀ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਰਤੋਹਾ ਨੂੰ ਅੱਗੇ ਤੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਸ਼ਬਦਾਂ ਦੀ ਮਰਿਆਦਾ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਖਰੀ ਹੈ ਤੇ ਵੱਖਰੀ ਹੀ ਰਹੇਗੀ।

ਵਿਰਸਾ ਸਿੰਘ ਵਲਟੋਹਾ ਨੂੰ ਉਨ੍ਹਾਂ ਦੀਆਂ ਗਲਤੀਆਂ ਕਰਕੇ ਤਨਖਾਹ ਵੀ ਲਗਾਈ ਗਈ ਹੈ। 3 ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣ ਅਤੇ ਇੱਕ ਘੰਟਾ ਜੋੜੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਹੈ। ਵਲਟੋਹਾ ਦੀ 2 ਦਿਨ ਤਰਨਤਾਰਨ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਹੈ। ਵਲਟੋਹਾ 1-1 ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਕਰਨਗੇ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

The post ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਏ ਵਿਰਸਾ ਸਿੰਘ ਵਲਟੋਹਾ ਨੇ ਮੰਗੀ ਮੁਆਫ਼ੀ, ਜਥੇਦਾਰ ਗੜਗੱਜ ਵੱਲੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼ appeared first on Punjab Star.

Related Posts