ਉੱਤਰਾਖੰਡ : ਹਰਿਦੁਆਰ ਦਾ ਅਰਧ ਕੁੰਭ ਮੇਲਾ, ਜੋ ਕਿ ਭਾਰਤ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਵਿੱਚੋਂ ਇੱਕ ਹੈ, 2027 ਵਿੱਚ ਆਯੋਜਿਤ ਹੋਣ ਵਾਲਾ ਹੈ। ਲੱਖਾਂ ਸ਼ਰਧਾਲੂ ਇੱਥੇ ਗੰਗਾ ਵਿੱਚ ਇਸ਼ਨਾਨ ਕਰਨ, ਧਿਆਨ ਲਗਾਉਣ ਅਤੇ ਪੂਜਾ ਕਰਨ ਲਈ ਇਕੱਠੇ ਹੋਣਗੇ। ਪਰ ਇਸ ਤੋਂ ਪਹਿਲਾ ਹਿੰਦੂ ਧਾਰਮਿਕ ਸੰਗਠਨਾਂ ਨੇ 2027 ਵਿੱਚ ਕੁੰਭ ਮੇਲੇ ਦੌਰਾਨ ਉਤਰਾਖੰਡ ਦੇ ਹਰਿਦੁਆਰ ਵਿੱਚ 105 ਘਾਟਾਂ ‘ਤੇ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹਰਿਦੁਆਰ ਦੇ ਹਿੰਦੂ ਸੰਗਠਨਾਂ ਨੇ ਕੁੰਭ ਮੇਲਾ ਖੇਤਰ ਨੂੰ ਪੂਰੀ ਤਰ੍ਹਾਂ ਹਿੰਦੂ ਖੇਤਰ ਐਲਾਨਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਸਨਾਤਨ ਰਸਮਾਂ ਦੀ ਪਵਿੱਤਰਤਾ ਬਣਾਈ ਰੱਖੀ ਜਾ ਸਕੇ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਵਾਤਾਵਰਣ ਮਿਲ ਸਕੇ।
ਸ਼੍ਰੀ ਗੰਗਾ ਸਭਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਹਰ ਕੀ ਪੌੜੀ ਖੇਤਰ ਅਤੇ 52 ਘਾਟਾਂ ‘ਤੇ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਕੁੰਭ ਮੇਲਾ ਖੇਤਰ ਅਜੇ ਘੋਸ਼ਿਤ ਨਹੀਂ ਕੀਤਾ ਗਿਆ ਹੈ। ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ 105 ਘਾਟ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੀਆਂ ਚੁਣੌਤੀਆਂ ਦਾ ਅਧਿਐਨ ਕਰ ਰਹੀ ਹੈ ਅਤੇ ਉਸ ਦੇ ਆਧਾਰ ‘ਤੇ ਅਗਲੇਰੇ ਕਦਮ ਚੁੱਕੇਗੀ।
ਓਧਰ ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪ੍ਰਾਚੀ ਹਰਿਦੁਆਰ ਪਹੁੰਚੀ। ਫੇਰੀ ਦੌਰਾਨ ਉਸਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਇੱਕ ਵੱਡੀ ਅੱਤਵਾਦੀ ਘਟਨਾ ਵਾਪਰੀ ਹੈ, ਜਿਸ ਵਿੱਚ ਪੜ੍ਹੇ-ਲਿਖੇ ਡਾਕਟਰ ਸ਼ਾਮਲ ਹਨ। ਉਨ੍ਹਾਂ ਕੋਲ ਇੱਕ ਰਸਾਇਣਕ ਪਦਾਰਥ ਸੀ, ਜੋ ਕਿ ਤੁਸੀਂ ਸਾਰੇ ਜਾਣਦੇ ਹੋ ਲੱਖਾਂ ਲੋਕਾਂ ਨੂੰ ਮਾਰ ਸਕਦਾ ਸੀ। ਕੋਈ ਵੀ ਇਸਨੂੰ ਗੰਗਾ ਨਦੀ ਵਿੱਚ ਡੋਲ੍ਹ ਸਕਦਾ ਸੀ, ਅਤੇ ਕਿੰਨੇ ਲੋਕ ਨਹਾਉਣਗੇ? ਦੁਨੀਆ ਭਰ ਤੋਂ ਲੱਖਾਂ ਲੋਕ ਆਉਣਗੇ, ਇਸ ਲਈ ਕੁਝ ਵੀ ਹੋ ਸਕਦਾ ਹੈ।
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਬੰਧ ਨੂੰ ਦੇਖ ਕੇ ਮੈਨੂੰ ਖਿਆਲ ਆਇਆ ਕਿ ਹਰ ਕੀ ਪੌੜੀ ਵਿੱਚ ਦੂਜੇ ਧਰਮਾਂ ਦੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਖਾਸ ਕਰਕੇ ਕੁੰਭ ਮੇਲੇ ਵਾਲੇ ਖੇਤਰ ਵਿੱਚ। ਸਿੱਧੇ ਸ਼ਬਦਾਂ ਵਿੱਚ, ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਹਰਿਦੁਆਰ ਦੇ ਅੰਦਰ ਉਸ ਖੇਤਰ ਨੂੰ ਕੁੰਭ ਮੇਲਾ ਅੰਮ੍ਰਿਤ ਖੇਤਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਾਡੇ ਉਪ-ਨਿਯਮਾਂ ਵਿੱਚ ਵੀ ਹੈ।
ਇਸਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਪਹਿਲਕਦਮੀ ਦੇ ਪਿੱਛੇ ਦੇ ਇਰਾਦੇ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਹਰਿਦੁਆਰ ਮਾਂ ਗੰਗਾ ਰਿਸ਼ੀ-ਮੁਨੀ ਅਤੇ ਸੰਤ ਪਰੰਪਰਾਵਾਂ ਦੀ ਪਵਿੱਤਰ ਧਰਤੀ ਹੈ। ਉੱਥੋਂ ਇਸਦੀ ਪਵਿੱਤਰਤਾ ਅਤੇ ਧਾਰਮਿਕ ਪਛਾਣ ਨੂੰ ਬਣਾਈ ਰੱਖਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਸਰਕਾਰ ਸਾਰੇ ਪਹਿਲੂਆਂ, ਪੁਰਾਣੇ ਕਾਨੂੰਨਾਂ, ਧਾਰਮਿਕ ਵਿਸ਼ਵਾਸਾਂ ਅਤੇ ਵਿਹਾਰਕ ਚੁਣੌਤੀਆਂ ਦਾ ਅਧਿਐਨ ਕਰ ਰਹੀ ਹੈ ਅਤੇ ਉਸ ਦੇ ਆਧਾਰ ‘ਤੇ ਅਗਲੇਰੇ ਕਦਮ ਚੁੱਕੇਗੀ।
The post ਹਰਿਦੁਆਰ ਕੁੰਭ ਖੇਤਰ ‘ਚ ਗੈਰ-ਹਿੰਦੂਆਂ ਦੇ ਦਾਖਲੇ ‘ਤੇ ਪਾਬੰਦੀ ਦੀ ਲਗਾਉਣ ਦੀ ਮੰਗ! ਹਿੰਦੂ ਸੰਗਠਨਾਂ ਨੇ ਸੀਐਮ ਨੂੰ ਲਗਾਈ ਗੁਹਾਰ appeared first on Punjab Star.
