ਹੁਣ ਪੰਜਾਬ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਗਿਆ ਘਰ

ਪੰਜਾਬ ਦੀਆਂ ਅਦਾਲਤਾਂ ਤੋਂ ਬਾਅਦ ਇੱਕ ਵਾਰ ਫਿਰ ਹੁਣ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੰਮ੍ਰਿਤਸਰ ਤੇ ਮੋਗਾ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ਮਿਲਣ ਮਗਰੋਂ ਸਕੂਲ ਪ੍ਰਸ਼ਾਸਨ ਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਹ ਸੁਨੇਹਾ ਅੰਮ੍ਰਿਤਸਰ ਦੇ ਮਿਹਰਬਾਨਪੁਰਾ ਪਿੰਡ ਦੇ ਇੱਕ ਸਰਕਾਰੀ ਸਕੂਲ ਦੇ ਅਧਿਕਾਰਤ ਈਮੇਲ ਆਈਡੀ ‘ਤੇ ਭੇਜਿਆ ਗਿਆ ਸੀ, ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਸਕੂਲ ਵਿੱਚ ਰਾਸ਼ਟਰੀ ਗੀਤ ਗਾਉਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਮੋਗਾ ਦੇ ਦੋ ਨਿੱਜੀ ਸਕੂਲਾਂ ਡੀਐੱਨ ਮਾਡਲ ਸਕੂਲ, ਕੋਟਈਸੇ ਖਾਂ ਤੇ ਕੈਂਬ੍ਰਿਜ ਸਕੂਲ ਨੂੰ ਸਵੇਰੇ 8.36 ਵਜੇ ਧਮਕੀ ਵਾਲਾ ਈਮੇਲ ਆਇਆ।
ਧਮਕੀ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਸੁਰੱਖਿਆ ਕਾਰਨਾਂ ਕਰਕੇ ਦੋਵਾਂ ਸਕੂਲਾਂ ਨੂੰ ਖਾਲੀ ਕਰਵਾ ਲਿਆ। ਬੰਬ ਸਕੁਐਡ ਅਤੇ ਡੌਗ ਸਕੁਐਡ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਸਕੂਲ ਦੇ ਅਹਾਤੇ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਅਚਾਨਕ ਧਮਕੀ ਤੋਂ ਬਾਅਦ, ਮਾਪਿਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ, ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ। ਫਿਲਹਾਲ, ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਸ਼ੱਕੀ ਵਸਤੂ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਦੀ ਭਾਲ ਜਾਰੀ ਹੈ।

ਪ੍ਰਸ਼ਾਸਨ ਨੇ ਮਾਪਿਆਂ ਨੂੰ ਸ਼ਾਂਤ ਅਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਧਮਕੀਆਂ ਭੇਜਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਭਰ ਦੇ ਸਕੂਲਾਂ ਵਿੱਚ ਨਿਗਰਾਨੀ ਜਾਰੀ ਹੈ।

The post ਹੁਣ ਪੰਜਾਬ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਗਿਆ ਘਰ appeared first on Punjab Star.

Related Posts