ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੁਲਿਸ ਮੁਲਾਜਮਾਂ ਵੱਲੋਂ ਅਣਉਚਿਤ ਵੀਡੀਓ ਅਤੇ ਰੀਲਾਂ ਪੋਸਟ ਕਰਨ ਦੀਆਂ ਵਧਦੀਆਂ ਘਟਨਾਵਾਂ ਵੇਖਦੇ ਹੋਏ ਪੰਜਾਬ ਪੁਲਿਸ ਨੇ ਸਖ਼ਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ। ਹਾਲ ਹੀ ਵਿੱਚ ਕੁਝ ਪੁਲਿਸ ਅਧਿਕਾਰੀ ਵਰਦੀ ਵਿੱਚ ਡਾਂਸ, ਭੰਗੜਾ ਅਤੇ ਮਨੋਰੰਜਨ ਵੀਡੀਓ ਬਣਾਉਂਦੇ ਦੇਖੇ ਗਏ ਸਨ, ਜਿਸ ਨਾਲ ਵਿਭਾਗ ਦੇ ਅਕਸ ‘ਤੇ ਅਸਰ ਪਿਆ ਹੈ।
ਇਸ ‘ਤੇ ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ, ਡੀਆਈਜੀ, ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਇਸ ਸਬੰਧ ਵਿੱਚ ਨੋਡਲ ਏਜੰਸੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀ ‘ਤੇ ਸਮੇਂ-ਸਮੇਂ ‘ਤੇ ਰਿਪੋਰਟਾਂ ਤਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਪੇਸ਼ ਕਰਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ਐਨੁਅਲ ਕਾਨਫੀਡੈਂਸ਼ੀਅਲ ਰਿਪੋਰਟ (ACR) ‘ls ਪ੍ਰਭਾਵਿਤ ਹੋਵੇਗੀ ਅਤੇ ਉਨ੍ਹਾਂ ਦੀਆਂ ਤਰੱਕੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਾਲ ਹੀ ਦੇ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਨਾਲ ਸਬੰਧਤ ਕਈ ਘਟਨਾਵਾਂ ਜਿਵੇਂ ਕਿ ਬਠਿੰਡਾ ਤੋਂ ਇੱਕ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਵੀਡੀਓ ਅਤੇ ਬਾਅਦ ਵਿੱਚ ਨਸ਼ੀਲੇ ਪਦਾਰਥ ਰੱਖਣ ਲਈ ਉਸ ਦੀ ਗ੍ਰਿਫਤਾਰੀ ਅਤੇ ਮੋਹਾਲੀ ਵਿੱਚ ਕਾਰ ਧੋਣ ਦੌਰਾਨ ਹੈਰੋਇਨ ਦੀ ਬਰਾਮਦਗੀ ਨੇ ਵਿਭਾਗ ਨੂੰ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਗ੍ਰਹਿ ਵਿਭਾਗ ਦੀ ਪ੍ਰਵਾਨਗੀ ਨਾਲ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ।
The post ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਭੰਗੜੇ, ਡਾਂਸ ਦੀਆਂ ਰੀਲਾਂ ਬਣਾਉਣ ‘ਤੇ ਬੈਨ, ਸਖਤ ਹੁਕਮ ਜਾਰੀ appeared first on Punjab Star.
