ਮੋਗਾ : ਸ਼ਨੀਵਾਰ ਸਵੇਰੇ ਮੋਗਾ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨੌਜਵਾਨ ਆਪਣੀ ਕਾਰ ਵਿੱਚ ਕੰਮ ‘ਤੇ ਜਾ ਰਿਹਾ ਸੀ ਜਦੋਂ ਉਸਦਾ ਕਤਲ ਕਰ ਦਿੱਤਾ ਗਿਆ। ਮੁਢਲੀ ਜਾਣਕਾਰੀ ਅਨੁਸਾਰ ਛੇ ਹਮਲਾਵਰਾਂ ਨੇ ਇਹ ਹਮਲਾ ਕੀਤਾ ਤੇ ਲਗਭਗ 16 ਰਾਊਂਡ ਫਾਇਰਿੰਗ ਕੀਤੀ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਕਤਲ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ, 38 ਸਾਲਾ ਉਮਰਸੀਰ ਸਿੰਘ, ਮੋਗਾ ਦੇ ਪਿੰਡ ਭਿੰਡਰ ਖੁਰਦ ਦਾ ਰਹਿਣ ਵਾਲਾ ਸੀ। ਉਹ ਨੇਸਲੇ ਇੰਡੀਆ ‘ਚ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ। ਸ਼ਨੀਵਾਰ ਸਵੇਰੇ, ਉਹ ਆਮ ਵਾਂਗ ਆਪਣੀ ਕਾਰ ਵਿੱਚ ਡਿਊਟੀ ਲਈ ਰਵਾਨਾ ਹੋਇਆ। ਜਦੋਂ ਉਮਰਸੀਰ ਸਿੰਘ ਆਪਣੇ ਘਰ ਤੋਂ ਥੋੜ੍ਹੀ ਦੂਰੀ ‘ਤੇ ਭਿੰਡਰ ਕਲਾਂ ਪਹੁੰਚਿਆ, ਤਾਂ ਉਸਨੂੰ ਅਚਾਨਕ ਪੰਜ ਹਮਲਾਵਰਾਂ ਨੇ ਘੇਰ ਲਿਆ।ਉਨ੍ਹਾਂ ਨੇ ਉਸਦੀ ਕਾਰ ਰੋਕੀ ਅਤੇ ਫਿਰ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਤੋਂ ਬਾਅਦ ਇੱਕ 16 ਗੋਲੀਆਂ ਮਾਰ ਕੇ ਉਮਰਸੀਰ ਦਾ ਕਤਲ ਕਰ ਦਿੱਤਾ ਗਿਆ।
ਗੋਲੀਬਾਰੀ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੋਕ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਫੋਰੈਂਸਿਕ ਟੀਮ ਨੂੰ ਬੁਲਾਇਆ। ਸਬੂਤ ਇਕੱਠੇ ਕਰਨ ਤੋਂ ਬਾਅਦ, ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਉਮਰਸੀਰ ਦੇ ਪਰਿਵਾਰ ਨੇ ਇਸ ਕਤਲ ਨੂੰ ਚੋਣ ਦੁਸ਼ਮਣੀ ਦਾ ਨਤੀਜਾ ਦੱਸਿਆ ਹੈ। ਇਸ ਮਾਮਲੇ ਵਿੱਚ ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਕਿਹਾ ਕਿ ਕਤਲ ਮਾਮਲੇ ਵਿੱਚ ਪਰਿਵਾਰ ਦੇ ਬਿਆਨ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਦੀ ਭਾਲ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
The post ਮੋਗਾ ‘ਚ ਵੱਡੀ ਵਾਰਦਾਤ! ਡਿਊਟੀ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ appeared first on Punjab Star.
