ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿੱਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹਾਂ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀੌ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਕਈ ਦਿਨਾਂ ਦੀ ਮਾਨਸੂਨ ਬਾਰਿਸ਼ ਤੋਂ ਬਾਅਦ ਸੋਮਵਾਰ ਸਵੇਰੇ ਨਦੀਆਂ ਭਰ ਗਈਆਂ।
ਸਿਆਉ ਤਾਗੁਲਾਂਡਾਂਗ ਬਿਯਾਰੋ ਜ਼ਿਲ੍ਹੇ ਵਿੱਚ ਇੱਕ ਸ਼ਕਤੀਸ਼ਾਲੀ ਵਹਾਅ, ਚਿੱਕੜ, ਚੱਟਾਨਾਂ ਅਤੇ ਮਲਬੇ ਨੂੰ ਲੈ ਕੇ ਲੋਕਾਂ ਨੂੰ ਵਹਾ ਕੇ ਲੈ ਗਿਆ, ਜਿਸ ਨਾਲ ਕਈ ਪਿੰਡ ਡੁੱਬ ਗਏ ਹਨ।ਪੁਲਿਸ ਅਤੇ ਫੌਜ ਦੀ ਸਹਾਇਤਾ ਨਾਲ ਐਮਰਜੈਂਸੀ ਬਚਾਅ ਟੀਮਾਂ ਨੂੰ ਸਿਆਉ ਟਾਪੂ ਦੇ ਚਾਰ ਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਗਿਆ ਹੈ। ਇਹ ਛੋਟਾ ਟਾਪੂ ਸੁਲਾਵੇਸੀ ਟਾਪੂ ਦੇ ਉੱਤਰੀ ਸਿਰੇ ਤੋਂ ਲਗਭਗ 130 ਕਿਲੋਮੀਟਰ ਦੂਰ ਹੈ। ਮੁਹਾਰੀ ਨੇ ਕਿਹਾ ਕਿ ਟੁੱਟੀਆਂ ਸੜਕਾਂ ਅਤੇ ਕਈ ਥਾਵਾਂ ‘ਤੇ ਸੰਚਾਰ ਵਿਘਨ ਕਾਰਨ ਪਹੁੰਚ ਮੁਸ਼ਕਿਲ ਸੀ।
ਉਨ੍ਹਾਂ ਕਿਹਾ ਕਿ ਪਹਾੜੀਆਂ ਤੋਂ ਪਾਣੀ ਦੇ ਤੇਜ਼ ਵਹਾਅ ਕਾਰਨ ਸੱਤ ਘਰ ਪੂਰੀ ਤਰ੍ਹਾਂ ਵਹਿ ਗਏ ਅਤੇ 140 ਤੋਂ ਵੱਧ ਨੁਕਸਾਨੇ ਗਏ ਹਨ। 680 ਤੋਂ ਵੱਧ ਲੋਕਾਂ ਨੂੰ ਗਿਰਜਾਘਰਾਂ ਅਤੇ ਜਨਤਕ ਇਮਾਰਤਾਂ ਵਿੱਚ ਸਥਾਪਤ ਅਸਥਾਈ ਰਾਹਤ ਕੈਂਪਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਮੌਸਮ ਵਿੱਚ ਸੁਧਾਰ ਹੋਣ ਅਤੇ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਮੰਗਲਵਾਰ ਨੂੰ ਬਚਾਅ ਕਰਮਚਾਰੀਆਂ ਨੇ 16 ਲਾਸ਼ਾਂ ਕੱਢੀਆਂ ਹਨ। ਉੱਤਰੀ ਸੁਲਾਵੇਸੀ ਖੋਜ ਅਤੇ ਬਚਾਅ ਦਫਤਰ ਦੇ ਬੁਲਾਰੇ ਨੂਰਦੀਆਡੀਅਨ ਗੁਮੇਲੇਂਗ ਨੇ ਕਿਹਾ ਕਿ ਤਿੰਨ ਹੋਰ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ, ਪੂਰੇ ਖੇਤਰ ਡੁੱਬ ਗਏ ਹਨ। ਸਿਤਾਰੋ ਜ਼ਿਲ੍ਹਾ ਮੁਖੀ ਚਿੰਤੀਆ ਇੰਗ੍ਰਿਡ ਕਲੰਗਿਤ ਨੇ ਰਾਹਤ ਸਮੱਗਰੀ ਦੀ ਸਪਲਾਈ, ਲੋਕਾਂ ਨੂੰ ਕੱਢਣ ਅਤੇ ਬੁਨਿਆਦੀ ਢਾਂਚੇ ਦੀ ਮੁਰੰਮਤ ਵਿੱਚ ਤੇਜ਼ੀ ਲਿਆਉਣ ਲਈ ਸੋਮਵਾਰ ਤੋਂ 14 ਦਿਨਾਂ ਦੀ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।
The post ਇੰਡੋਨੇਸ਼ੀਆ: ਸੁਲਾਵੇਸੀ ਸੂਬੇ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ, 16 ਲੋਕਾਂ ਦੀ ਮੌਤ, ਕਈ ਲਾਪਤਾ appeared first on Punjab Star.
