ਸਾਬਕਾ ਆਈਜੀ ਚਾਹਲ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਦੀ ਮੌਤ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਧੋਖਾਧੜੀ ਦੇ ਹਾਈ ਪ੍ਰੋਫਾਈਲ ਮਾਮਲੇ ਵਿੱਚ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਚੰਦਰਕਾਂਤ ਦੀ ਸ਼ੁੱਕਰਵਾਰ ਨੂੰ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੰਦਰਕਾਂਤ ਸ਼ੂਗਰ ਅਤੇ ਬੀਪੀ ਦਾ ਮਰੀਜ਼ ਸੀ ਅਤੇ ਜਦੋਂ ਤੋਂ ਉਸਨੂੰ ਟਰਾਂਜ਼ਿਟ ਰਿਮਾਂਡ ‘ਤੇ ਪਟਿਆਲਾ ਲਿਆਂਦਾ ਗਿਆ, ਉਹ ਬਿਮਾਰ ਚਲ ਰਿਹਾ ਸੀ ਅਤੇ ਹਸਪਤਾਲ ਚ ਇਲਾਜ ਅਧੀਨ ਸੀ।ਚੰਦਰਕਾਂਤ ‘ਤੇ ਦੋਸ਼ ਸੀ ਕਿ ਉਸਨੇ ਸਿਮ ਕਾਰਡ ਐਕਟੀਵੇਟ ਕੀਤੇ ਸਨ ਅਤੇ ਉਨ੍ਹਾਂ ਨੂੰ ਇਸ ਪੂਰੇ ਧੋਖਾਧੜੀ ਨੈੱਟਵਰਕ ਵਿੱਚ ਸ਼ਾਮਲ ਦੋਸ਼ੀਆਂ ਅਤੇ ਦੁਬਈ ਸਥਿਤ ਕਿੰਗਪਿਨ ਨੂੰ ਪ੍ਰਦਾਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਚੰਦਰਕਾਂਤ ਨੂੰ 3 ਜਨਵਰੀ ਨੂੰ ਮਹਾਰਾਸ਼ਟਰ ਤੋਂ ਪਟਿਆਲਾ ਪੁਲਿਸ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਗਿਆ ਸੀ। ਅਗਲੇ ਦਿਨ ਉਸਨੂੰ ਪਟਿਆਲਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 8 ਜਨਵਰੀ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਹਾਲਾਂਕਿ ਉਹ ਹਾਈ ਬਲੱਡ ਸ਼ੂਗਰ ਕਾਰਨ ਬਿਮਾਰ ਹੋ ਗਿਆ, ਜਿਸ ਕਾਰਨ ਉਸਨੂੰ 5 ਜਨਵਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਰਹੀ

ਦੱਸ ਦਈਏ ਚੰਦਰਕਾਂਤ ਦੇ ਵਕੀਲ ਨੇ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜਵਾਬ ਵਿੱਚ ਅਦਾਲਤ ਨੇ ਚੰਦਰਕਾਂਤ ਦੇ ਮੈਡੀਕਲ ਰਿਕਾਰਡ ਦੀ ਮੰਗ ਕੀਤੀ। ਰਿਕਾਰਡ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਹੀ ਚੰਦਰਕਾਂਤ ਦੀ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਸਦੀ ਲਾਸ਼ ਇਸ ਸਮੇਂ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਚੰਦਰਕਾਂਤ ਦੀ ਲਾਸ਼ ਸ਼ਨੀਵਾਰ ਨੂੰ ਡਾਕਟਰਾਂ ਦੇ ਬੋਰਡ ਦੁਆਰਾ ਪੋਸਟਮਾਰਟਮ ਤੋਂ ਬਾਅਦ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਦੱਸ ਦਈਏ ਕਿ ਸਾਈਬਰ ਥਾਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਛੇ ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ ’ਤੇ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਦਕਿ ਦੋ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਸੱਤਵਾਂ ਮੁਲਜ਼ਮ ਚੰਦਰਕਾਂਤ ਬੀਪੀ ਤੇ ਸ਼ੂਗਰ ਦੀ ਬਿਮਾਰੀ ਕਾਰਨ ਆਈਸੀਯੂ ’ਚ ਦਾਖ਼ਲ ਸੀ। ਬਿਮਾਰ ਹੋਣ ਕਾਰਨ ਉਸ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਗਿਆ ਸੀ ਅਤੇ ਹਸਪਤਾਲ ’ਚ ਇਲਾਜ ਅਧੀਨ ਰੱਖਿਆ ਗਿਆ ਸੀ।

The post ਸਾਬਕਾ ਆਈਜੀ ਚਾਹਲ ਧੋਖਾਧੜੀ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਦੀ ਮੌਤ appeared first on Punjab Star.

Related Posts