ਈਰਾਨ ‘ਚ ਵਿਗੜੇ ਹਾਲਾਤ! ਹਵਾਈ ਖੇਤਰ ਬੰਦ, ਏਅਰ ਇੰਡੀਆ ਅਤੇ ਇੰਡੀਗੋ ਨੇ ਜਾਰੀ ਕੀਤੀ ਐਡਵਾਇਜ਼ਰੀ

ਨਵੀ ਦਿੱਲੀ : ਈਰਾਨ ਵਿੱਚ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਸਰਕਾਰ ਵਿਰੋਧੀ ਪ੍ਰਦਰਸ਼ਨ 18 ਦਿਨਾਂ ਤੋਂ ਜਾਰੀ ਹਨ। ਈਰਾਨ ਵਿੱਚ ਵਿਗੜਦੀ ਸਥਿਤੀ ਕਾਰਨ ਇਸ ਦੇ ਹਵਾਈ ਖੇਤਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਹੀ ਭਾਰਤੀ ਏਅਰਲਾਈਨਜ਼ ਏਅਰ ਇੰਡੀਆ ਅਤੇ ਇੰਡੀਗੋ ਨੇ ਹਵਾਈ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਹੈ।

ਏਅਰ ਇੰਡੀਆ ਨੇ ਵੀਰਵਾਰ ਨੂੰ ਸੰਭਾਵਿਤ ਉਡਾਣ ਦੇਰੀ ਦੀ ਯਾਤਰਾ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਕਿ ਈਰਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਤੋਂ ਬਾਅਦ ਉਡਾਣਾਂ ਵਿਕਲਪਿਕ ਰੂਟਾਂ ਦੀ ਵਰਤੋਂ ਕਰ ਰਹੀਆਂ ਹਨ। ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ, “ਈਰਾਨ ਵਿੱਚ ਲਗਾਤਾਰ ਵਿਗੜਦੀ ਸਥਿਤੀ, ਬਾਅਦ ਵਿੱਚ ਹਵਾਈ ਖੇਤਰ ਬੰਦ ਹੋਣ ਅਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ, ਖੇਤਰ ਨੂੰ ਪਾਰ ਕਰਨ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਹੁਣ ਵਿਕਲਪਿਕ ਰੂਟਾਂ ਦੀ ਵਰਤੋਂ ਕਰ ਰਹੀਆਂ ਹਨ। ਜਿਸ ਕਾਰਨ ਦੇਰੀ ਹੋ ਸਕਦੀ ਹੈ।”

ਏਅਰਲਾਈਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਉਡਾਣਾਂ ਦਾ ਰੂਟ ਬਦਲਣਾ ਸੰਭਵ ਨਹੀਂ ਹੈ ਉਨ੍ਹਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਯਾਤਰਾ ਕਰਨ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਉਡਾਣ ਸਥਿਤੀ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ। ਕੰਪਨੀ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, “ਏਅਰ ਇੰਡੀਆ ਇਸ ਅਚਾਨਕ ਵਿਘਨ ਕਾਰਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਪ੍ਰਗਟ ਕਰਦੀ ਹੈ। ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।”

ਇੰਡੀਗੋ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਏਅਰਲਾਈਨ ਦਾ ਕਹਿਣਾ ਹੈ ਕਿ ਈਰਾਨ ਵੱਲੋਂ ਹਵਾਈ ਖੇਤਰ ਨੂੰ ਅਚਾਨਕ ਬੰਦ ਕਰਨ ਕਾਰਨ ਸਾਡੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਹ ਘਟਨਾ ਉਸ ਦੇ ਕਾਬੂ ਤੋਂ ਬਾਹਰ ਸੀ ਅਤੇ ਯਾਤਰੀਆਂ ਦੀ ਯਾਤਰਾ ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਲਈ ਉਸਨੂੰ ਅਫ਼ਸੋਸ ਹੈ। ਪ੍ਰਭਾਵਿਤ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲਚਕਦਾਰ ਰੀਬੁਕਿੰਗ ਵਿਕਲਪਾਂ ਦੀ ਪੜਚੋਲ ਕਰਨ ਲਈ ਏਅਰਲਾਈਨ ਦੀ ਵੈੱਬਸਾਈਟ ‘ਤੇ ਜਾਣ।

The post ਈਰਾਨ ‘ਚ ਵਿਗੜੇ ਹਾਲਾਤ! ਹਵਾਈ ਖੇਤਰ ਬੰਦ, ਏਅਰ ਇੰਡੀਆ ਅਤੇ ਇੰਡੀਗੋ ਨੇ ਜਾਰੀ ਕੀਤੀ ਐਡਵਾਇਜ਼ਰੀ appeared first on Punjab Star.

Related Posts