ਪਟਿਆਲਾ : ਬੇਅਦਬੀ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਕਰੀਬ 18 ਮਹੀਨੇ ਪਹਿਲਾਂ ਸਮਾਣਾ ਵਿੱਚ 400 ਫੁੱਟ ਉੱਚੇ ਟੈਲੀਕਾਮ ਟਾਵਰ ‘ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਸ਼ੁੱਕਰਵਾਰ ਸਵੇਰੇ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਪੁਲਿਸ਼ ਪ੍ਰਸ਼ਾਸਨ ਮੌਜੂਦ ਸੀ।ਸ਼ੁੱਕਰਵਾਰ ਨੂੰ ਸਵੇਰੇ ਉਚੇ ਟਾਵਰ ਤੋਂ ਉਤਾਰਨ ਉਪਰੰਤ ਉਨ੍ਹਾਂ ਨੂੰ ਧਰਨਾ ਸਥਾਨ ‘ਤੇ ਸਤਿਕਾਰ ਸਹਿਤ ਲਿਆਂਦਾ ਗਿਆ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਧਰਨਾ ਸਮਾਪਤ ਹੋ ਜਾਵੇਗਾ।
ਇਸ ਮੌਕੇ ਗੁਰਜੀਤ ਸਿੰਘ ਖਾਲਸਾ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਰੀ ਸੰਗਤ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਅਦਬੀ ਦੇ ਖਿਲਾਫ਼ ਕਾਨੂੰਨ ਬਣਾਇਆ ਹੈ ਅਤੇ ਹੁਣ ਉਹ ਸੁਰੱਖਿਅਤ ਹੇਠਾਂ ਉਤਰ ਆਏ ਹਨ।ਹਾਲ ਹੀ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਵਿਸ਼ੇਸ਼ ਇਜਲਾਸ ਬੁਲਾ ਕੇ ਬੇਅਦਬੀ ਖਿਲਾਫ ਕਾਨੂੰਨ ਨੂੰ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਸੀ, ਜਿਸ ‘ਤੇ ਹੁਣ ਰਾਜਪਾਲ ਦੀ ਮੋਹਰ ਲੱਗ ਚੁੱਕੀ ਹੈ ਅਤੇ ਪੰਜਾਬ ‘ਚ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ।
ਦੱਸ ਦਈਏ ਕਿ ਗੁਰਜੀਤ ਸਿੰਘ ਖਾਲਸਾ ਨੇ 12 ਅਕਤੂਬਰ 2024 ਨੂੰ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਇਲਾਕੇ ਵਿੱਚ ਸਥਿਤ 400 ਫੁੱਟ ਉੱਚੇ ਬੀ.ਐਸ.ਐਨ.ਐਲ. ਟਾਵਰ ‘ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਮੁੱਖ ਮਕਸਦ ਸੀ ਕਿ ਸਿੱਖ ਧਰਮ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਇੱਕ ਸਖ਼ਤ ਕਾਨੂੰਨ ਬਣਾਏ। ਉਨ੍ਹਾਂ ਨੇ ਸਾਫ਼ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੋ ਜਾਂਦੀ, ਉਹ ਟਾਵਰ ਤੋਂ ਹੇਠਾਂ ਨਹੀਂ ਉਤਰਨਗੇ।
ਟਾਵਰ ਦੀ ਉਚਾਈ ਬਹੁਤ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਉੱਪਰ ਤਿਰਪਾਲ ਦਾ ਇੱਕ ਛੋਟਾ ਜਿਹਾ ਆਰਜ਼ੀ ਸ਼ੈਲਟਰ ਬਣਾ ਲਿਆ ਸੀ। ਉੱਥੇ ਉਹ ਪਿਛਲੇ 18 ਮਹੀਨਿਆਂ ਤੋਂ ਵੱਧ ਸਮੇਂ ਤੱਕ ਹਰ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਦੇ ਰਹੇ। ਉਹ ਤੇਜ਼ ਗਰਮੀ, ਮੀਂਹ, ਸਰਦੀ ਅਤੇ ਤੇਜ਼ ਹਵਾਵਾਂ ਵਿੱਚ ਵੀ ਉਹ ਡਟੇ ਰਹੇ।
The post ਕਰੀਬ 18 ਮਹੀਨਿਆਂ ਬਾਅਦ 400 ਫੁੱਟ ਉੱਚੇ ਟੈਲੀਕਾਮ ਟਾਵਰ ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖ਼ਾਲਸਾ, ਗੂੰਜੇ ਜੈਕਾਰੇ appeared first on Punjab Star.
