ਮਹਾਰਾਸ਼ਟਰ: ਜਾਲਨਾ ਜ਼ਿਲ੍ਹੇ ਵਿੱਚ ਨਾਗਪੁਰ-ਮੁੰਬਈ ਐਕਸਪ੍ਰੈਸਵੇਅ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 8 ਮਹਿਲਾਵਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੀੜਤ ਮਜ਼ਦੂਰ ਹਨ। ਇਹ ਹਾਦਸਾ ਕਡਵਾਂਚੀ ਪਿੰਡ ਦੇ ਨੇੜੇ ਵਾਪਰਿਆ ਜਦੋਂ ਔਰਤਾਂ ਐਕਸਪ੍ਰੈਸਵੇਅ ‘ਤੇ ਸਫਾਈ ਦਾ ਕੰਮ ਖਤਮ ਕਰਕੇ ਘਰ ਵਾਪਸ ਆ ਰਹੀਆਂ ਸਨ। ਟੈਂਪੂ ਵਿੱਚ ਡਰਾਈਵਰ ਸਮੇਤ ਕੁੱਲ 11 ਲੋਕ ਸਵਾਰ ਸਨ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਟੈਂਪੂ ਅੱਗੇ ਵਧਣ ਹੀ ਵਾਲਾ ਸੀ, ਮੁੰਬਈ ਵੱਲ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸੱਤ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਜਾਲਨਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਈ। ਟੈਂਪੂ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ।
ਮ੍ਰਿਤਕਾਂ ਦੀ ਪਛਾਣ ਅਲਕਾਬਾਈ (45), ਲਕਸ਼ਮੀਬਾਈ ਮਦਨ (35), ਮੀਨਾ (45), ਕੰਚਨ (50), ਤਾਰਾਬਾਈ ਚੌਧਰੀ (60), ਕਡੂਬਾਈ ਮਦਨ (55) ਅਤੇ ਸੁਮਨ (70) ਵਜੋਂ ਹੋਈ ਹੈ। ਸਾਰੇ ਮ੍ਰਿਤਕ ਜਾਲਨਾ ਤਹਿਸੀਲ ਦੇ ਵਸਨੀਕ ਸਨ। ਅੱਠਵੀਂ ਔਰਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। ਮਹਾਰਾਸ਼ਟਰ ਸਰਕਾਰ ਦੀ ਮੰਤਰੀ ਪੰਕਜਾ ਮੁੰਡੇ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਰਾਜ ਸਰਕਾਰ ਪੀੜਤਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।
The post ਨਾਗਪੁਰ-ਮੁੰਬਈ ਐਕਸਪ੍ਰੈਸਵੇਅ ‘ਤੇ ਭਿਆਨਕ ਹਾਦਸਾ! ਅੱਠ ਔਰਤਾਂ ਦੀ ਦਰਦਨਾਕ ਮੌਤ appeared first on Punjab Star.
