ਪੰਜਾਬੀ ਗਾਇਕ ਐਮੀ ਵਿਰਕ ਦੀ ਗੱਡੀ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਅਪਡੇਟ, ਨਹੀਂ ਹੋਈ ਫਾਈਰਿੰਗ

ਐਬਟਸਫੋਰਡ : ਕੈਨੇਡਾ ’ਚ ਪੰਜਾਬੀ ਗਾਇਕ ਐਮੀ ਵਿਰਕ ’ਤੇ ਫਾਈਰਿੰਗ ਦੇ ਮਾਮਲੇ ’ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਮਾਮਲੇ ਨੂੰ ਮਹਿਜ਼ ਇੱਕ ਅਫਵਾਹ ਦੱਸਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਐਮੀ ਵਿਰਕ ਦੀ ਗੱਡੀ ਤੇ ਉਨ੍ਹਾਂ ਉੱਪਰ ਕੋਈ ਗੋਲੀ ਨਹੀਂ ਚੱਲੀ ਹੈ। ਐਮੀ ਵਿਰਕ ਅਤੇ ਉਸਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਕਾਫ਼ਲੇ ਨੂੰ ਕੈਨੇਡਾ ਦੇ ਐਬਟਸਫੋਰਡ ਵਿੱਚ ਨਿਸ਼ਾਨਾ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ। 5 ਸਤੰਬਰ ਦੀ ਰਾਤ ‘ਯੂਨਿਟੀ ਟੂਰ’ ਦੇ ਪ੍ਰੋਗਰਾਮ ਤੋਂ ਬਾਅਦ ਮੈਕਕਲਮ ਰੋਡ ’ਤੇ ਕਾਫ਼ਲੇ ਵਿੱਚ ਸ਼ਾਮਲ ਇੱਕ ਲਗਜ਼ਰੀ ਗੱਡੀ ’ਤੇ ਕਰੀਬ 7 ਰਾਊਂਡ ਫਾਇਰਿੰਗ ਕੀਤੇ ਗਏ।

ਗੱਡੀ ਬੁਲੇਟਪਰੂਫ ਹੋਣ ਕਾਰਨ ਐਮੀ ਵਿਰਕ ਅਤੇ ਉਸ ਵਿੱਚ ਸਵਾਰ ਹੋਰ ਲੋਕ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ ਐਬਟਸਫੋਰਡ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਤ ਕਰੀਬ 11 ਵਜੇ ਹੋਈ ਗੋਲੀਬਾਰੀ

ਜਾਣਕਾਰੀ ਮੁਤਾਬਕ ਐਮੀ ਵਿਰਕ ਦਾ ਪ੍ਰੋਗਰਾਮ ਐਬਟਸਫੋਰਡ ਦੇ ਰੋਜਰਜ਼ ਫੋਰਮ ਹਾਲ ਵਿੱਚ ਹੋਇਆ ਸੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਕਾਫ਼ਲੇ ਨਾਲ ਵਾਪਸ ਜਾ ਰਹੇ ਸਨ। ਰਾਤ ਕਰੀਬ 11 ਵਜੇ ਮੈਕਕਲਮ ਰੋਡ ’ਤੇ ਇੱਕ ਗੂੜ੍ਹੇ ਰੰਗ ਦੀ SUV ਵਿੱਚ ਆਏ ਹਮਲਾਵਰਾਂ ਨੇ ਕਾਫ਼ਲੇ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ।

ਪੁਲਿਸ ਦੀ ਮੁੱਢਲੀ ਜਾਣਕਾਰੀ ਮੁਤਾਬਕ ਗੱਡੀ ’ਤੇ ਕਈ ਗੋਲੀਆਂ ਚਲਾਈਆਂ ਗਈਆਂ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੂੰ ਟਾਰਗੇਟਿਡ ਅਟੈਕ ਦਾ ਸ਼ੱਕ

ਪੁਲਿਸ ਇਸ ਘਟਨਾ ਨੂੰ ਟਾਰਗੇਟਿਡ ਹਮਲਾ ਮੰਨ ਕੇ ਜਾਂਚ ਕਰ ਰਹੀ ਹੈ। ਹਾਲਾਂਕਿ ਹਮਲੇ ਪਿੱਛੇ ਕਿਸੇ ਖ਼ਾਸ ਵਿਅਕਤੀ ਜਾਂ ਗੈਂਗ ਦੀ ਭੂਮਿਕਾ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਜਾਂਚ ਅਧਿਕਾਰੀ ਹਮਲਾਵਰਾਂ ਦੀ ਪਛਾਣ, ਵਰਤੀ ਗਈ SUV ਅਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ। ਘਟਨਾ ਵਾਲੀ ਥਾਂ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਵੀ ਜਾਂਚ ਦਾ ਅਹਿਮ ਹਿੱਸਾ ਹੋ ਸਕਦੀ ਹੈ।

ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਫ਼ਲੇ ਵਿੱਚ ਚੱਲ ਰਹੀ ਗੱਡੀ ’ਤੇ ਲਗਾਤਾਰ ਕਈ ਗੋਲੀਆਂ ਦਾਗੀਆਂ ਗਈਆਂ। ਹਾਲਾਂਕਿ ਬੁਲੇਟਪ੍ਰੂਫ ਵਾਹਨ ਕਾਰਨ ਗੋਲੀਆਂ ਅੰਦਰ ਬੈਠੇ ਲੋਕਾਂ ਤੱਕ ਨਹੀਂ ਪਹੁੰਚ ਸਕੀਆਂ। ਘਟਨਾ ਵਿੱਚ ਐਮੀ ਵਿਰਕ ਜਾਂ ਕਿਸੇ ਹੋਰ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ।

ਕੈਨੇਡਾ ’ਚ ਪਹਿਲਾਂ ਵੀ ਨਿਸ਼ਾਨੇ ’ਤੇ ਰਹੇ ਪੰਜਾਬੀ ਕਲਾਕਾਰ

ਕੈਨੇਡਾ ਵਿੱਚ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸਤੰਬਰ 2024 ਵਿੱਚ AP ਢਿੱਲੋਂ ਦੇ ਕੈਨੇਡਾ ਸਥਿਤ ਘਰ ਨੇੜੇ ਗੋਲੀਬਾਰੀ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਲੋਕਾਂ ਵੱਲੋਂ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ।

ਨਵੰਬਰ 2023 ਵਿੱਚ ਗਿੱਪੀ ਗਰੇਵਾਲ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਸਥਿਤ ਘਰ ਦੇ ਬਾਹਰ ਵੀ ਗੋਲੀਬਾਰੀ ਹੋਈ ਸੀ। ਇਸ ਘਟਨਾ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦਾਅਵਾ ਸਾਹਮਣੇ ਆਇਆ ਸੀ।

ਗਾਇਕ ਕਰਨ ਔਜਲਾ ਨੇ ਇੱਕ ਇੰਟਰਵਿਊ ਦੌਰਾਨ ਕੈਨੇਡਾ ਵਿੱਚ ਰਹਿੰਦੇ ਹੋਏ ਆਪਣੇ ’ਤੇ ਕਈ ਵਾਰ ਗੋਲੀਬਾਰੀ ਅਤੇ ਫਿਰੌਤੀ ਦੀਆਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਸੀ। ਸਾਲ 2019 ਵਿੱਚ ਉਨ੍ਹਾਂ ਦੇ ਕੈਨੇਡਾ ਸਥਿਤ ਘਰ ’ਤੇ ਵੀ ਗੋਲੀਬਾਰੀ ਹੋਈ ਸੀ।

ਫਿਰੌਤੀ ਅਤੇ ਗੈਂਗਵਾਰ ਦਾ ਐਂਗਲ ਵੀ ਜਾਂਚ ਵਿੱਚ?

ਕੈਨੇਡਾ ਵਿੱਚ ਸਰਗਰਮ ਅਪਰਾਧਿਕ ਗਿਰੋਹਾਂ ’ਤੇ ਪੰਜਾਬੀ ਕਲਾਕਾਰਾਂ ਨੂੰ ਫਿਰੌਤੀ ਲਈ ਧਮਕਾਉਣ ਅਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਅਜਿਹੀਆਂ ਘਟਨਾਵਾਂ ਵਿੱਚ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਦੇ ਨਾਂ ਵੀ ਸਾਹਮਣੇ ਆਉਂਦੇ ਰਹੇ ਹਨ।

ਹਾਲਾਂਕਿ ਐਮੀ ਵਿਰਕ ਦੇ ਮਾਮਲੇ ਵਿੱਚ ਪੁਲਿਸ ਨੇ ਅਜੇ ਤੱਕ ਹਮਲੇ ਦੇ ਕਾਰਨ ਜਾਂ ਕਿਸੇ ਗੈਂਗ ਦੀ ਸ਼ਮੂਲੀਅਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਹੁਣ ਪੁਲਿਸ ਜਾਂਚ ਤੋਂ ਹੀ ਸਪੱਸ਼ਟ ਹੋਵੇਗਾ ਕਿ ਹਮਲਾਵਰ ਕੌਣ ਸਨ ਅਤੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਅਸਲ ਕਾਰਨ ਕੀ ਸੀ।

The post ਪੰਜਾਬੀ ਗਾਇਕ ਐਮੀ ਵਿਰਕ ਦੀ ਗੱਡੀ ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਅਪਡੇਟ, ਨਹੀਂ ਹੋਈ ਫਾਈਰਿੰਗ appeared first on Punjab Star.

Related Posts