ਪੰਜਾਬ ‘ਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ, ਦੋ ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਗੁਰਦਾਸਪੁਰ ਪੁਲਿਸ ਅਤੇ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਇੱਕ ਅੱਤਵਾਦੀ ਮਾਡਿਊਲ ਖਿਲਾਫ ਕਾਰਵਾਈ ਕੀਤੀ ਹੈ। ਇਸ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਕਿਸੇ ਵਿਦੇਸ਼ੀ ਹੈਂਡਲਰ ਦੇ ਇਸ਼ਾਰੇ ‘ਤੇ ਚਲਾਇਆ ਜਾ ਰਿਹਾ ਸੀ ਅਤੇ ਇਸ ਨੂੰ ਪਾਬੰਦੀਸ਼ੁਦਾ ਸੰਗਠਨ ਨਾਲ ਜੋੜਿਆ ਜਾ ਰਿਹਾ ਹੈ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 ਹੈਂਡ ਗਰਨੇਡ, 2 ਸਪੈਸ਼ਲ ਡੈਟੋਨੇਟਰ, ਕੋਡਰ-ਡੀਕੋਡਰ ਵਾਲਾ ਪੀਟੀਟੀ ਟਾਈਮਰ, 9 ਵੋਲਟ ਦੀ ਬੈਟਰੀ, ਕਰੀਬ ਇੱਕ ਕਿਲੋਗ੍ਰਾਮ ਉੱਚ ਵਿਸਫੋਟਕ ਅਤੇ ਟਰਿਗਰ ਮਕੈਨੀਜ਼ਮ ਵਾਲੀ ਇੱਕ ਬਾਓਫੇਂਗ ਵਾਕੀ-ਟਾਕੀ ਬਰਾਮਦ ਕੀਤੀ ਗਈ ਹੈ।

ਬਰਾਮਦ ਕੀਤੀ ਗਈ ਸਮੱਗਰੀ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਕਿਸੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ, ਜਿਸ ਨਾਲ ਜਾਨੀ ਨੁਕਸਾਨ ਹੋਣ ਅਤੇ ਦਹਿਸ਼ਤ ਫੈਲਣ ਦਾ ਖਦਸ਼ਾ ਸੀ।

ਥਾਣਾ ਕਲਾਨੌਰ, ਗੁਰਦਾਸਪੁਰ ਦੀ ਪੁਲਿਸ ਨੇ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਏਜੰਸੀਆਂ ਹੁਣ ਮੁਲਜ਼ਮਾਂ ਦੇ ਨੈੱਟਵਰਕ, ਉਨ੍ਹਾਂ ਦੇ ਸੰਪਰਕਾਂ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਡਿਊਲ ਨੂੰ ਸਥਾਨਿਕ ਪੱਧਰ ‘ਤੇ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਸੀ।

The post ਪੰਜਾਬ ‘ਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ, ਦੋ ਦੋਸ਼ੀ ਗ੍ਰਿਫਤਾਰ appeared first on Punjab Star.

Related Posts