ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਟਾਲਾ ਦੇ ਸੇਖਵਾਂ ਨੇੜੇ ਵਾਪਰੇ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਵੀ ਕੀਤਾ ਹੈ।
ਸੀਐਮ ਮਾਨ ਨੇ ਟਵੀਟ ਕੀਤਾ ਕਿ “ਬਟਾਲਾ ਦੇ ਥਾਣਾ ਸੇਖਵਾਂ ਨੇੜੇ ਬੱਸ ਪਲਟਣ ਦਾ ਸਮਾਚਾਰ ਬੇਹੱਦ ਦੁਖਦਾਈ ਹੈ। ਇਸ ਹਾਦਸੇ ਵਿੱਚ ਹੋਈਆਂ ਦੋ ਮੌਤਾਂ ‘ਤੇ ਮੈਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”
ਉਨ੍ਹਾਂ ਅੱਗੇ ਲਿਖਿਆ ਕਿ “ਦੁੱਖ ਦੀ ਇਸ ਘੜੀ ਵਿੱਚ, ਤੁਹਾਡੀ ਸਰਕਾਰ ਪੀੜਤ ਪਰਿਵਾਰਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਨਾਲ ਹੀ, ਜ਼ਖਮੀਆਂ ਦਾ ਮੁਫ਼ਤ ਅਤੇ ਵਧੀਆ ਇਲਾਜ ਕਰਵਾਇਆ ਜਾਵੇਗਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਮੈਡੀਕਲ ਟੀਮਾਂ ਅਤੇ ਸੜਕ ਸੁਰੱਖਿਆ ਫੋਰਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਮੈਂ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਦੱਸ ਦਈਏ ਕਿ ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅੱਜ ਤੜਕੇ ਤੇਜ਼ ਰਫ਼ਤਾਰ ਟੂਰਿਸਟ ਬੱਸ ਦੇ ਪਲਟਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ, ਜਦੋਂ ਕਿ 5 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ ਅਤੇ ਇਸ ਵਿੱਚ ਜ਼ਿਆਦਾਤਰ ਕਾਲਜ ਦੇ ਵਿਦਿਆਰਥੀ ਸਵਾਰ ਸਨ। ਬੱਸ ਦੇ ਪਲਟਦਿਆਂ ਹੀ ਪਿੱਛੇ ਆ ਰਹੀਆਂ 3 ਤੋਂ 4 ਗੱਡੀਆਂ ਵੀ ਇੱਕ-ਦੂਜੇ ਨਾਲ ਟਕਰਾ ਗਈਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਅਤੇ ਪੁਲਿਸ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
The post ਬਟਾਲਾ ਬੱਸ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਡੂੰਘਾ ਦੁੱਖ, ਪੀੜਤ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਕੀਤਾ ਐਲਾਨ appeared first on Punjab Star.
