ਲਾ ਰੋਮਾਨਾ: ਕੈਰੇਬੀਅਨ ਦੇਸ਼ ਡੋਮੀਨਿਕਨ ਰਿਪਬਲਿਕ ਵਿੱਚ ਐਤਵਾਰ ਨੂੰ ਇੱਕ ਪ੍ਰਾਈਵੇਟ ਪਲੇਨ ਹਾਦਸਾਗ੍ਰਸਤ ਹੋ ਗਿਆ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਲਾ ਰੋਮਾਨਾ ਇੰਟਰਨੈਸ਼ਨਲ ਏਅਰਪੋਰਟ ਦੇ ਰਨਵੇਅ ‘ਤੇ ਉਤਰਦੇ ਸਮੇਂ ਇਹ ਪਲੇਨ ਅਚਾਨਕ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਦਾ ਵੱਡਾ ਗੋਲਾ ਬਣ ਗਿਆ। ਕੁਝ ਹੀ ਸੈਕੰਡਾਂ ਵਿੱਚ ਪੂਰਾ ਇਲਾਕਾ ਧੂੰਏਂ ਨਾਲ ਭਰ ਗਿਆ ਅਤੇ ਬਚਾਅ ਟੀਮਾਂ ਅੱਗ ਬੁਝਾਉਣ ਵਿੱਚ ਜੁੱਟ ਗਈਆਂ। ਇਸ ਦਰਦਨਾਕ ਹਾਦਸੇ ਵਿੱਚ ਪਾਇਲਟ ਅਤੇ ਕੋ-ਪਾਇਲਟ, ਦੋਵਾਂ ਦੀ ਮੌਤ ਹੋ ਗਈ। ਇਹ ਜਹਾਜ਼ ਗਲਫਸਟ੍ਰੀਮ G200 ਜੈੱਟ ਸੀ।
ਇਹ ਜਾਣਕਾਰੀ ਦੇਸ਼ ਦੀ ਰਾਸ਼ਟਰੀ ਹਵਾਬਾਜ਼ੀ ਅਥਾਰਟੀ ਨੇ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਵਿੱਚ ਏਅਰਪੋਰਟ ਦੇ ਰਨਵੇਅ ‘ਤੇ ਪਲੇਨ ਦਾ ਅਗਲਾ ਹਿੱਸਾ ਉੱਪਰ ਉੱਠਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਅੱਗੇ ਜਹਾਜ਼ ਵਿੱਚ ਧਮਾਕਾ ਹੁੰਦਾ ਹੈ, ਜਿਸ ਨਾਲ ਧੂੰਏਂ ਦਾ ਬਹੁਤ ਵੱਡਾ ਗੁਬਾਰ ਉੱਠਦਾ ਹੈ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਵਿੱਚ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਲੇਨ ‘ਤੇ ਪਾਣੀ ਪਾ ਰਹੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ, ਹਾਦਸੇ ਤੋਂ ਪਹਿਲਾਂ ਜਹਾਜ਼ ਨੇ ਲਾ ਰੋਮਾਨਾ ਤੋਂ ਉਡਾਣ ਭਰੀ ਸੀ। ਲਾ ਰੋਮਾਨਾ ਦੇਸ਼ ਦੀ ਰਾਜਧਾਨੀ ਸੈਂਟੋ ਡੋਮਿੰਗੋ ਤੋਂ ਲਗਭਗ 130 ਕਿਲੋਮੀਟਰ ਪੂਰਬ ਵਿੱਚ ਸਥਿਤ ਇੱਕ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਹੈ। ਇਹ ਜਹਾਜ਼ ਅਮਰੀਕਾ ਦੇ ਟੈਕਸਾਸ ਵਿੱਚ ਆਸਟਿਨ ਜਾ ਰਿਹਾ ਸੀ। ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਅੱਗ ਲੱਗ ਗਈ।
ਸੋਸ਼ਲ ਮੀਡੀਆ ‘ਤੇ ਵਾਇਰਲ ਕਈ ਵੀਡੀਓਜ਼ ਵਿੱਚ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਹਾਦਸੇ ਤੋਂ ਠੀਕ ਪਹਿਲਾਂ ਜਹਾਜ਼ ਤੇਜ਼ ਰਫ਼ਤਾਰ ਨਾਲ ਰਨਵੇਅ ‘ਤੇ ਘਿਸੜਦਾ ਹੋਇਆ ਦਿਖਾਈ ਦਿੱਤਾ। ਇਸ ਤੋਂ ਬਾਅਦ ਜਹਾਜ਼ ਰਨਵੇਅ ਤੋਂ ਫਿਸਲ ਕੇ ਹਵਾਈ ਅੱਡਾ ਕੰਪਲੈਕਸ ਦੇ ਅੰਦਰ ਹੀ ਘਾਹ ਵਾਲੇ ਖੇਤਰ ਵਿੱਚ ਚਲਾ ਗਿਆ ਅਤੇ ਇਸੇ ਦੌਰਾਨ ਭਿਆਨਕ ਅੱਗ ਲੱਗ ਗਈ।
ਦੱਸ ਦੇਈਏ ਕਿ ਇਹ ਹਵਾਈ ਅੱਡਾ ਸੈਰ-ਸਪਾਟੇ ਲਈ ਜਾਣੇ ਜਾਂਦੇ ਸ਼ਹਿਰ ਲਾ ਰੋਮਾਨਾ ਲਈ ਬਹੁਤ ਅਹਿਮ ਹੈ। ਸੈਰ-ਸਪਾਟਾ ਡੋਮੀਨਿਕਨ ਰਿਪਬਲਿਕ ਦੀ ਆਰਥਿਕਤਾ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ। ਇਹ ਦੇਸ਼ ਕੈਰੇਬੀਅਨ ਖੇਤਰ ਵਿੱਚ ਸਥਿਤ ਹੈ ਅਤੇ ਇਸਦੀ ਜਨਸੰਖਿਆ ਲਗਭਗ 1.16 ਕਰੋੜ ਹੈ। ਇਸ ਤੋਂ ਪਹਿਲਾਂ 2021 ਵਿੱਚ ਵੀ ਇਸ ਦੇਸ਼ ਵਿੱਚ ਇੱਕ ਨਿੱਜੀ ਜਹਾਜ਼ ਦੀ ਦੁਰਘਟਨਾ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਉਦੋਂ ਜਹਾਜ਼ ਇੱਥੋਂ ਦੀ ਰਾਜਧਾਨੀ ਸੈਂਟੋ ਡੋਮਿੰਗੋ ਦੇ ਲਾਸ ਅਮਰੀਕਾ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ ਕ੍ਰੈਸ਼ ਹੋ ਗਿਆ ਸੀ।
The post ਲੈਂਡਿੰਗ ਦੌਰਾਨ ਪ੍ਰਾਈਵੇਟ ਜੈੱਟ ਕ੍ਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਤ appeared first on Punjab Star.
