ਟੈਕਸਾਸ: ਅਮਰੀਕਾ ਦੇ ਟੈਕਸਾਸ ਰਾਜ ਨੇ H-1B ਵੀਜ਼ਾ ‘ਤੇ ਇੱਕ ਵੱਡਾ ਫੈਸਲਾ ਲਿਆ ਹੈ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਸਰਕਾਰੀ ਏਜੰਸੀਆਂ ਅਤੇ ਜਨਤਕ ਯੂਨੀਵਰਸਿਟੀਆਂ ਨੂੰ ਨਵੇਂ H-1B ਵੀਜ਼ਾ ਅਰਜ਼ੀਆਂ ਨੂੰ ਤੁਰੰਤ ਰੋਕਣ ਦਾ ਹੁਕਮ ਦਿੱਤਾ ਹੈ। ਇਹ ਕਦਮ ਉਨ੍ਹਾਂ ਵਿਦੇਸ਼ੀ ਪੇਸ਼ੇਵਰਾਂ ਲਈ ਇੱਕ ਵੱਡਾ ਝਟਕਾ ਹੋਵੇਗਾ ਜੋ ਇਸ ਰਾਜ ਵਿੱਚ ਕੰਮ ਕਰਨ ਦੇ ਇੱਛੁਕ ਸਨ।
ਗਵਰਨਰ ਐਬੋਟ ਨੇ ਏਜੰਸੀ ਮੁਖੀਆਂ ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿੱਚ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਸਾਰੀਆਂ ਨਵੀਆਂ H-1B ਅਰਜ਼ੀਆਂ ਨੂੰ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਹ ਪਾਬੰਦੀ 31 ਮਈ 2027 ਤੱਕ ਲਾਗੂ ਰਹੇਗੀ। ਇਸ ਕਦਮ ਨਾਲ ਭਾਰਤੀ ਪੇਸ਼ੇਵਰਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ “ਮੈਂ ਸਾਰੀਆਂ ਸੂਬਾਈ ਏਜੰਸੀਆਂ ਨੂੰ ਇਸ ਪੱਤਰ ਦੇ ਅਨੁਸਾਰ ਨਵੀਆਂ H-1B ਵੀਜ਼ਾ ਅਰਜ਼ੀਆਂ ਨੂੰ ਤੁਰੰਤ ਰੋਕਣ ਦਾ ਨਿਰਦੇਸ਼ ਦੇ ਰਿਹਾ ਹਾਂ। ਇਹ ਕਾਰਵਾਈ ਸੰਘੀ ਸਰਕਾਰ ਦੁਆਰਾ ਪ੍ਰੋਗਰਾਮ ਦੀ ਸਮੀਖਿਆ ਦੇ ਵਿਚਕਾਰ ਕੀਤੀ ਗਈ ਹੈ।”
ਦੱਸ ਦਈਏ ਐਬੋਟ ਨੇ ਇਕ ਬਿਆਨ ‘ਚ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰਨਗੇ ਕਿ ਅਮਰੀਕੀ ਨੌਕਰੀਆਂ ਸਿਰਫ਼ ਅਮਰੀਕੀਆਂ ਨੂੰ ਹੀ ਜਾਣ। ਉਨ੍ਹਾਂ ਕਿਹਾ, “ਸੰਘੀ H-1B ਵੀਜ਼ਾ ਪ੍ਰੋਗਰਾਮ ਵਿੱਚ ਦੁਰਵਿਵਹਾਰ ਦੀਆਂ ਹਾਲੀਆ ਰਿਪੋਰਟਾਂ ਨੂੰ ਦੇਖਦੇ ਹੋਏ ਅਤੇ ਇਹ ਯਕੀਨੀ ਬਣਾਉਣ ਲਈ ਕਿ ਅਮਰੀਕੀ ਨੌਕਰੀਆਂ ਸਿਰਫ਼ ਅਮਰੀਕੀ ਕਾਮਿਆਂ ਨੂੰ ਹੀ ਜਾਣ, ਮੈਂ ਸਾਰੀਆਂ ਰਾਜ ਏਜੰਸੀਆਂ ਨੂੰ ਨਿਰਦੇਸ਼ ਦੇ ਰਿਹਾ ਹਾਂ ਕਿ ਉਹ ਸੰਘੀ ਸਰਕਾਰ ਦੀ ਉਸ ਪ੍ਰੋਗਰਾਮ ਦੀ ਚੱਲ ਰਹੀ ਸਮੀਖਿਆ ਦੇ ਵਿਚਕਾਰ ਨਵੀਆਂ H-1B ਵੀਜ਼ਾ ਅਰਜ਼ੀਆਂ ਨੂੰ ਤੁਰੰਤ ਫ੍ਰੀਜ਼ ਕਰ ਦੇਣ।”
ਇਸਤੋਂ ਇਲਾਵਾ ਏਜੰਸੀਆਂ ਅਤੇ ਯੂਨੀਵਰਸਿਟੀਆਂ ਨੂੰ 27 ਮਾਰਚ 2026 ਤੱਕ ਇੱਕ ਵਿਸਤ੍ਰਿਤ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ, ਜਿਸ ਵਿੱਚ 2025 ਵਿੱਚ ਦਾਇਰ ਕੀਤੀਆਂ ਗਈਆਂ ਨਵੀਆਂ ਅਤੇ ਨਵਿਆਉਣਯੋਗ H-1B ਅਰਜ਼ੀਆਂ ਦੀ ਗਿਣਤੀ ਵਰਤਮਾਨ ਵਿੱਚ ਸਪਾਂਸਰ ਕੀਤੇ ਗਏ ਵੀਜ਼ਾ ਧਾਰਕਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਰੁਜ਼ਗਾਰ ਅਤੇ ਮੂਲ ਦੇਸ਼ ਬਾਰੇ ਜਾਣਕਾਰੀ ਸ਼ਾਮਲ ਹੋਵੇ।
ਦੱਸ ਦਈਏ ਕਿ H-1B ਵੀਜ਼ਾ ਪ੍ਰੋਗਰਾਮ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਭੂਮਿਕਾਵਾਂ ਲਈ ਉੱਚ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਦੀ ਚੋਣ ਕਰਨ ਦੀ ਆਗਿਆ ਦਿੰਦਾ ਹੈ। ਇਹ ਵੀਜ਼ੇ ਆਮ ਤੌਰ ‘ਤੇ ਤਿੰਨ ਤੋਂ ਛੇ ਸਾਲਾਂ ਲਈ ਦਿੱਤੇ ਜਾਂਦੇ ਹਨ। H-1B ਵੀਜ਼ਾ ‘ਤੇ ਅਮਰੀਕਾ ਵਿੱਚ ਸਭ ਤੋਂ ਵੱਧ ਕਾਮੇ ਭਾਰਤੀ ਹਨ, ਜੋ ਕੁੱਲ ਦਾ 70 ਪ੍ਰਤੀਸ਼ਤ ਤੋਂ ਵੱਧ ਹਨ। ਇਹ ਭਾਰਤੀ ਮੁੱਖ ਤੌਰ ‘ਤੇ ਰੱਖਿਆ ਅਤੇ ਤਕਨੀਕੀ ਖੇਤਰਾਂ ਵਿੱਚ ਕੰਮ ਕਰਦੇ ਹਨ।
The post ਟੈਕਸਾਸ ਨੇ H-1B ਵੀਜ਼ਾ ‘ਤੇ ਲਗਾਈ ਰੋਕ; ਭਾਰਤੀਆਂ ‘ਤੇ ਪਵੇਗਾ ਸਿੱਧਾ ਅਸਰ! appeared first on Punjab Star.
