ਮੋਗਾ ’ਚ ਦਿਨ-ਦਿਹਾੜੇ ਸਰਪੰਚ ਦਾ ਕਤਲ! ਫਾਰਚੂਨਰ ਸਵਾਰਾਂ ਨੇ ਵਰ੍ਹਾਈਆਂ ਗੋਲੀਆਂ

ਮੋਗਾ ‘ਚ ਅੱਜ ਦਿਨ-ਦਿਹਾੜੇ ਸਰਪੰਚ ਹੈਪੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ ਸਰਪੰਚ ਹਰਪਿੰਦਰ ਸਿੰਘ ਹੈਪੀ ਵਜੋਂ ਹੋਈ ਹੈ। ਬਾਘਾ ਪੁਰਾਣਾ ਵਿੱਚ ਫਾਰਚੂਨਰ ਗੱਡੀ ਵਿੱਚ ਆਏ 5 ਹਮਲਾਵਰਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਹੈਪੀ ਆਪਣੀ ਥਾਰ ਗੱਡੀ ਵਿੱਚ ਜਿਮ ਜਾ ਰਿਹਾ ਸੀ। ਕਰੀਬ 10 ਤੋਂ 12 ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਵਿੱਚੋਂ 8 ਗੋਲੀਆਂ ਸਰਪੰਚ ਨੂੰ ਲੱਗੀਆਂ।

ਗੋਲੀਆਂ ਲੱਗਣ ਕਾਰਨ ਹੈਪੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਮੋਗਾ ਦੇ ਐੱਸਐੱਸਪੀ ਅਜੇ ਗਾਂਧੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪੁਲਿਸ ਟੀਮਾਂ ਨੂੰ ਜਾਂਚ ਦੇ ਹੁਕਮ ਦਿੱਤੇ। ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੈਪੀ ਨੇ ਆਜ਼ਾਦ ਉਮੀਦਵਾਰ ਵਜੋਂ ਸਰਪੰਚ ਦੀ ਚੋਣ ਜਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ।

ਐੱਸਐੱਸਪੀ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਮਾਮਲਾ ਆਪਸੀ ਰੰਜਿਸ਼ ਨਾਲ ਜੁੜਿਆ ਜਾਪਦਾ ਹੈ। ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਤੱਕ ਪਹੁੰਚਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਬਾਘਾ ਪੁਰਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

The post ਮੋਗਾ ’ਚ ਦਿਨ-ਦਿਹਾੜੇ ਸਰਪੰਚ ਦਾ ਕਤਲ! ਫਾਰਚੂਨਰ ਸਵਾਰਾਂ ਨੇ ਵਰ੍ਹਾਈਆਂ ਗੋਲੀਆਂ appeared first on Punjab Star.

Related Posts