ਓਨਟਾਰੀਓ : ਲੁਧਿਆਣਾ ਨਾਲ ਸਬੰਧਤ ਇੱਕ ਨੌਜਵਾਨ ਲੜਕੀ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਹ ਘਟਨਾ ਓਨਟਾਰੀਓ ਸੂਬੇ ਵਿੱਚ ਵਾਪਰੀ। 24 ਸਾਲਾ ਅਨਮੋਲਦੀਪ ਕੌਰ 2021 ਵਿੱਚ ਪੜਾਈ ਲਈ ਵਿਦੇਸ਼ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਾਰਕ ਵਿੱਚ ਬੈਂਚ ’ਤੇ ਬੈਠੀ ਹੋਈ ਸੀ ਜਦੋਂ ਉਸ ਦੀ ਜਾਨ ਚਲੀ ਗਈ।
ਮਿਲੀ ਜਾਣਕਾਰੀ ਅਨੁਸਾਰ ਅਨਮੋਲਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਜਾਰਜੀਅਨ ਕਾਲਜ ਬੈਰੀ ਅਤੇ ਆਪਣੇ ਘਰ ਦੇ ਦਰਮਿਆਨ ਸਥਿਤ ਪਾਰਕ ਵਿੱਚ ਸੈਰ ਕਰਨ ਗਈ ਸੀ। ਉੱਥੇ ਬੈਂਚ ’ਤੇ ਬੈਠੇ-ਬੈਠੇ ਉਸ ਦੀ ਮੌਤ ਹੋ ਗਈ। ਪਾਰਕ ਵਿੱਚ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਉਹ ਸਾਹ ਨਹੀਂ ਲੈ ਰਹੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਜਿਵੇਂ ਹੀ ਇਹ ਦੁਖਦਾਈ ਖ਼ਬਰ ਲੁਧਿਆਣਾ ਦੇ ਨਵੀਂ ਆਬਾਦੀ ਅਕਾਲਗੜ੍ਹ ਸੁਧਾਰ ਬਾਜ਼ਾਰ ਵਿਖੇ ਉਸ ਦੇ ਘਰ ਪਹੁੰਚੀ, ਉੱਥੇ ਸੋਗ ਦਾ ਮਾਹੌਲ ਬਣ ਗਿਆ।
ਅਨਮੋਲਦੀਪ ਦੇ ਪਿਤਾ, ਰਿਟਾਇਰਡ ਫੌਜੀ ਸੁਬੇਦਾਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ 2021 ਵਿੱਚ ਕੈਨੇਡਾ ਗਈ ਸੀ। ਉੱਥੇ ਉਹ ਪੜਾਈ ਦੇ ਨਾਲ ਚਾਈਲਡ ਕੇਅਰ ਦਾ ਕੰਮ ਕਰਦੀ ਸੀ ਅਤੇ ਵਰਕ ਪਰਮਿਟ ‘ਤੇ ਰਹਿ ਰਹੀ ਸੀ। ਲਗਭਗ ਇੱਕ ਸਾਲ ਪਹਿਲਾਂ ਉਸ ਨੇ ਪੀ.ਆਰ. ਲਈ ਵੀ ਅਰਜ਼ੀ ਦਿੱਤੀ ਸੀ।
ਪਿਤਾ ਨੇ ਇਹ ਵੀ ਦੱਸਿਆ ਕਿ ਉਸ ਨੇ ਹਾਲ ਹੀ ਵਿੱਚ ਆਪਣੀ ਮਾਤਾ ਅਮਰਦੀਪ ਕੌਰ ਨੂੰ ਕੈਨੇਡਾ ਬੁਲਾਉਣ ਲਈ ਵਿਜ਼ਟਰ ਵੀਜ਼ਾ ਦੀ ਅਰਜ਼ੀ ਦਿੱਤੀ ਸੀ ਅਤੇ ਜਲਦੀ ਵੀਜ਼ਾ ਮਿਲਣ ਦੀ ਉਮੀਦ ਸੀ। ਪਰਿਵਾਰ ਮੁਤਾਬਕ, ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਬਾਰੇ ਨਹੀਂ ਦੱਸਿਆ।
ਇਸ ਵੇਲੇ ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਹ ਨੂੰ ਕਬਜ਼ੇ ਵਿੱਚ ਲੈ ਕੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ।
ਅਨਮੋਲਦੀਪ ਦਾ ਭਰਾ ਦਿਲਪ੍ਰੀਤ ਸਿੰਘ, ਜੋ ਅਮਰੀਕਾ ਵਿੱਚ ਰਹਿੰਦਾ ਹੈ, ਕੈਨੇਡਾ ਲਈ ਰਵਾਨਾ ਹੋ ਗਿਆ ਹੈ। ਪਿਤਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਮਾਣੁਕੇ ਪਿੰਡ ਦੇ ਰਹਿਣ ਵਾਲੇ ਹਨ ਅਤੇ ਇੱਕ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਉਹਨਾਂ ਦੀ ਧੀ ਨੂੰ ਭਾਰਤ ਲਿਆਂਦਾ ਜਾਵੇਗਾ। ਪਿਤਾ ਨੇ ਖੁਦਕੁਸ਼ੀ ਦੇ ਖਦਸ਼ੇ ਨੂੰ ਨਕਾਰਦੇ ਹੋਏ ਕਿਹਾ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਣ ਸਾਹਮਣੇ ਆਉਣਗੇ।
The post ਕੈਨੇਡਾ ’ਚ ਲੁਧਿਆਣਾ ਦੀ 24 ਸਾਲਾ ਅਨਮੋਲਦੀਪ ਕੌਰ ਦੀ ਸ਼ੱਕੀ ਹਾਲਤ ‘ਚ ਮੌਤ appeared first on Punjab Star.
