ਕੈਨੇਡਾ ਵਿੱਚ ਪੰਜਾਬੀਆਂ ਦਾ ਹਰਮਨ ਪਿਆਰਾ ਸ਼ਹਿਰ ਬਰੈਂਪਟਨ ਘਰਾਂ ਦੀਆਂ ਕਿਸ਼ਤਾਂ ਟੁੱਟਣ ਦੇ ਮਾਮਲਿਆਂ ਵਿੱਚ ਕੈਨੇਡਾ ਭਰ ਵਿੱਚ ਸਭ ਤੋਂ ਅੱਗੇ ਆ ਗਿਆ ਹੈ। ਤਾਜ਼ਾ ਡਾਟਾ ਦਰਸਾਉਂਦਾ ਹੈ ਕਿ ਇੱਥੇ ਮੌਰਗੇਜ ਡਿਲਿਕੁਐਂਸੀ ਰੇਟ ਹੋਰਨਾਂ ਵੱਡੇ ਸ਼ਹਿਰਾਂ ਨਾਲੋਂ ਵੱਧ ਹੈ ਅਤੇ ਇਹ ਰੁਝਾਨ ਤੇਜ਼ੀ ਨਾਲ ਵਧ ਵੀ ਰਿਹਾ ਹੈ।
Equifax Canada ਦੇ ਅੰਕੜਿਆਂ ਅਨੁਸਾਰ, 2025 ਦੇ ਆਖਰੀ ਤਿਮਾਹੀ ਵਿੱਚ ਬਰੈਂਪਟਨ ਵਿੱਚ 90 ਦਿਨ ਜਾਂ ਵੱਧ ਕਿਸ਼ਤਾਂ ਟੁੱਟਣ ਵਾਲੀਆਂ ਮੌਰਗੇਜਾਂ ਦੀ ਦਰ 0.6 ਫੀਸਦੀ ਰਹੀ, ਜੋ ਕੈਨੇਡਾ ਦੀ ਔਸਤ 0.26 ਫੀਸਦੀ ਤੋਂ ਲਗਭਗ ਡੇਢ ਗੁਣਾ ਵੱਧ ਹੈ। ਇਸ ਤੋਂ ਪਹਿਲਾਂ 2019 ਵਿੱਚ ਇਹ ਰੇਟ ਸਿਰਫ 0.06 ਫੀਸਦੀ ਸੀ। ਨਾਮੀਂ ਮੀਡੀਆ ਅਦਾਰੇ ਗਲੋਬ ਐਂਡ ਮੇਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਬਰੈਂਪਟਨ ਉਨ੍ਹਾਂ ਥਾਵਾਂ ਵਿਚੋਂ ਇੱਕ ਹੈ ਜਿੱਥੇ ਲੋਨ ਦੀ ਉੱਚੀ ਰਕਮ, ਘਰਾਂ ਦੀਆਂ ਘੱਟ ਹੋ ਰਹੀਆਂ ਕੀਮਤਾਂ ਅਤੇ ਵੱਧਦੀਆਂ ਵਿਆਜ ਦਰਾਂ ਕਾਰਨ ਲੋਕਾਂ ‘ਤੇ ਵਿੱਤੀ ਤਣਾਅ ਬਹੁਤ ਵੱਧ ਰਿਹਾ ਹੈ। ਇਸ ਤੋਂ ਇਲਾਵਾ ਇੱਥੇ power-of-sale ਲਿਸਟਿੰਗਾਂ ਵੀ ਵਧ ਰਹੀਆਂ ਹਨ। ਅੰਕੜਿਆਂ ਮੁਤਾਬਕ ਬਰੈਂਪਟਨ ਵਿੱਚ ਹਰ 20ਵਾਂ ਘਰ power-of-sale ਵਿਕਰੀ ਲਈ ਲਿਸਟ ਵਿੱਚ ਹੈ।
ਬਰੈਂਪਟਨ ਵਿੱਚ ਪੈਂਡੈਮਿਕ ਵੇਲੇ ਖਰੀਦੇ ਗਏ ਬਹੁਤੇ ਘਰਾਂ ਵਿੱਚ ਘੱਟ ਹੀ ਇਕੁਇਟੀ ਬਚੀ ਹੈ ਅਤੇ ਮੌਰਗੇਜ ਵੀ ਪਹਿਲਾਂ ਨਾਲੋਂ ਉੱਚ ਵਿਆਜ ਦਰਾਂ ‘ਤੇ ਰੀਨਿਊਅਲ ਹੋ ਰਹੀ ਹੈ। ਇਸ ਤੋਂ ਇਲਾਵਾ ਇੱਥੇ ਮਲਟੀ-ਜਨਰੇਸ਼ਨਲ ਫੈਮਿਲੀਜ਼ ਦੀ ਗਿਣਤੀ ਵੀ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ, ਜਿਸ ਕਾਰਨ ਖਰਚ ਵੀ ਵੱਧਦਾ ਹੈ। ਬੈਂਕਿੰਗ ਰੈਗੂਲੇਟਰ ਵੀ ਇਸ ਵੱਧਦੀ ਡਿਲਿਕੁਐਂਸੀ ਅਤੇ ਆਉਣ ਵਾਲੀਆਂ ਰੀਨਿਊਅਲਾਂ ਨੂੰ ਵਿੱਤੀ ਖਤਰਾ ਮੰਨ ਰਿਹਾ ਹੈ। ਗ੍ਰੇਟਰ ਟੋਰਾਂਟੋ ਖੇਤਰ ਖਾਸਤੌਰ ਤੇ ਬਰੈਂਪਟਨ ਵਿਖੇ ਵਿੱਚ ਇਹ ਤਣਾਅ 2026 ਵਿੱਚ ਵੀ ਜਾਰੀ ਰਹਿਣ ਦੀ ਉਮੀਦ ਹੈ। ਮਾਹਰਾਂ ਮੁਤਾਬਕ ਇਸ ਪ੍ਰੇਸ਼ਾਨੀ ਨਾਲ ਨਿਪਟਣ ਲਈ ਬਜਟ ਦੀ ਸਮੀਖਿਆ, ਬੈਂਕਾਂ ਨਾਲ ਗੱਲਬਾਤ ਅਤੇ ਲੋੜ ਪੈਣ ‘ਤੇ ਪੇਸ਼ੇਵਰ ਸਲਾਹ ਲੈਣ ਦੀ ਜ਼ਰੂਰਤ ਹੈ।
Kultaran Singh Padhiana
The post ਘਰਾਂ ਦੀਆਂ ਕਿਸ਼ਤਾਂ ਟੁੱਟਣ ਦੇ ਮਾਮਲੇ ਵਿੱਚ ਬਰੈਂਪਟਨ ਕੈਨੇਡਾ ਭਰ ਵਿੱਚ ਸਭ ਤੋਂ ਮੋਹਰੀ appeared first on Punjab Star.
