ਸਰੀ : ਸਰੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਮਗਰੋਂ ਇਕ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਘੱਟੋ ਘੱਟ 6 ਕਿਰਾਏਦਾਰ ਜ਼ਖਮੀ ਦੱਸੇ ਜਾ ਰਹੇ ਹਨ। 133 ਏ ਸਟ੍ਰੀਟ ਅਤੇ 89 ਐਵੇਨਿਊ ਇਲਾਕੇ ਦੇ ਘਰ ਵਿਚ ਵਾਪਰੀ ਵਾਰਦਾਤ ਕਈ ਜਣੇ ਆਪਸ ਵਿਚ ਭਿੜ ਗਏ ਜੋ ਰੂਮਮੇਟਰਸ ਦੱਸੇ ਜਾ ਰਹੇ ਹਨ। ਸਰੀ ਪੁਲਿਸ ਦੇ ਸਾਰਜੈਂਟ ਹੌਟਨ ਨੇ ਦੱਸਿਆ ਕਿ ਇਹ ਵਾਰਦਾਤ ਗਿਰੋਹਾਂ ਦੇ ਟਕਰਾਅ ਜਾਂ ਐਕਟੌਰਸ਼ਨ ਨਾਲ ਸਬੰਧਤ ਨਹੀਂ ਪਰ ਕਈ ਜਣਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਵਾਰਦਾਤ ਦੌਰਾਨ ਗੋਲੀ ਨਹੀਂ ਚੱਲੀ ਅਤੇ ਬੀ.ਸੀ. ਐਮਰਜੰਸੀ ਹੈਲਥ ਸਰਵਿਸਿਜ਼ ਦੀਆਂ ਐਂਬੁਲੈਂਸਿਜ਼ ਰਾਹੀਂ ਦੋ ਜਣਿਆਂ ਨੂੰ ਹਸਪਤਾਲ ਲਿਜਾਣ ਦੀ ਵੀਡੀਓ ਸਾਹਮਣੇ ਆਈ ਹੈ ਜਦਕਿ ਵੱਡੀ ਗਿਣਤੀ ਵਿਚ ਪੁਲਿਸ ਦੀਆਂ ਗੱਡੀਆਂ ਮੌਕਾ ਏ ਵਾਰਦਾਤ ’ਤੇ ਨਜ਼ਰ ਆਈਆਂ। ਆਂਢ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸਾਊਥ ਏਸ਼ੀਅਨ ਨੌਜਵਾਨਾਂ ਦਾ ਝਗੜਾ ਖੂਨੀ ਰੂਪ ਅਖਤਿਆਰ ਕਰ ਗਿਆ। ਦੂਜੇ ਪਾਸੇ ਸਰੀ ਪੁਲਿਸ ਨੇ 24 ਸਾਲ ਦੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਆਇਦ ਕਰ ਦਿਤੇ। ਪ੍ਰਾਪਤ ਜਾਣਕਾਰੀ ਮੁਤਾਬਕ 146 ਸਟ੍ਰੀਟ ਅਤੇ 108 ਐਵੇਨਿਊ ਨੇੜੇ ਟ੍ਰੈਫ਼ਿਕ ਨਾਕੇ ਦੌਰਾਨ ਇਕ ਗੱਡੀ ਨੂੰ ਰੋਕਿਆ ਗਿਆ ਜਿਸ ਵਿਚ ਸਵਾਰ ਇਕ ਸ਼ਖਸ ਕੋਲੋਂ ਹਥਿਆਰ ਬਰਾਮਦ ਹੋਇਆ।
The post ਸਰੀ ਸ਼ਹਿਰ ਵਿਚ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ, 6 ਜ਼ਖ਼ਮੀ appeared first on Punjab Star.
