ਗੁਰਦਾਸਪੁਰ: ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੀ.ਸੀ.ਐਸ. ਅਧਿਕਾਰੀ ਅਤੇ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਟੀਮ ਸਵੇਰੇ ਕਰੀਬ 7 ਵਜੇ ਉਨ੍ਹਾਂ ਦੇ ਘਰ ਪਹੁੰਚੀ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਮਾਮਲਾ ਜੰਮੂ-ਕਸ਼ਮੀਰ-ਰਾਜਸਥਾਨ ਹਾਈਵੇਅ ਪ੍ਰੋਜੈਕਟ ਲਈ ਐਕੁਆਇਰ ਕੀਤੀ ਗਈ ਜ਼ਮੀਨ ਵਿੱਚ ਕਥਿਤ ਗੜਬੜੀ ਨਾਲ ਜੁੜਿਆ ਹੋਇਆ ਹੈ। ਜਦੋਂ ਇਹ ਗਬਨ ਹੋਇਆ, ਤਾਂ ਅਨੁਪ੍ਰੀਤ ਰੰਧਾਵਾ ਉਸ ਵੇਲੇ ਤਰਨਤਾਰਨ ਦੇ ਪੱਟੀ ਵਿਖੇ ਤਾਇਨਾਤ ਸਨ।ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੁਆਵਜ਼ਾ ਰਾਸ਼ੀ ਦੀ ਵੰਡ ਵਿੱਚ ਵੱਡੇ ਪੱਧਰ ‘ਤੇ ਬੇਨਿਯਮੀਆਂ ਹੋਈਆਂ ਹਨ।
ਸੂਤਰਾਂ ਅਨੁਸਾਰ, ਅਨੁਪ੍ਰੀਤ ਕੌਰ ਰੰਧਾਵਾ ‘ਤੇ ਕਰੀਬ 1 ਕਰੋੜ 63 ਲੱਖ ਰੁਪਏ ਦੇ ਗਬਨ ਦੇ ਦੋਸ਼ ਹਨ। ਇਸੇ ਮਾਮਲੇ ਵਿੱਚ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੀ.ਸੀ.ਐਸ. (PCS) ਅਧਿਕਾਰੀ ਅਨੁਪ੍ਰੀਤ ਕੌਰ ‘ਤੇ ਦੋਸ਼ ਹੈ ਕਿ ਰਾਜਸਥਾਨ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇਅ ਦੇ ਨਿਰਮਾਣ ਵੇਲੇ ਸਰਕਾਰ ਵੱਲੋਂ ਜ਼ਮੀਨ ਐਕੁਆਇਰ ਕਰਨ ਦੌਰਾਨ ਤਤਕਾਲੀ ਤਰਨਤਾਰਨ ਦੀ ਐਸ.ਡੀ.ਐਮ. (SDM) ਡਾ. ਅਨੁਪ੍ਰੀਤ ਕੌਰ ਨੇ ਉਨ੍ਹਾਂ ਲੋਕਾਂ ਨੂੰ ਲਾਭ ਪਹੁੰਚਾਇਆ, ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ। ਜਾਣਕਾਰੀ ਅਨੁਸਾਰ, ਪੱਟੀ ਦੇ ਸਾਬਕਾ ਐਸ.ਡੀ.ਐਮ. ਨਵਰਾਜ ਸਿੰਘ ਬਰਾੜ ਨੇ ਤਤਕਾਲੀ ਡੀ.ਸੀ. ਪ੍ਰਦੀਪ ਸਭਰਵਾਲ ਨੂੰ 5 ਸਤੰਬਰ 2018 ਨੂੰ ਇਸ ਗਬਨ ਦੇ ਸਬੰਧ ਵਿੱਚ ਸ਼ਿਕਾਇਤ ਦਿੱਤੀ ਸੀ।
ਦੋਸ਼ ਸੀ ਕਿ 9 ਜਨਵਰੀ 2018 ਤੋਂ 11 ਫਰਵਰੀ 2019 ਵਿਚਕਾਰ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਸਰਕਾਰ ਵੱਲੋਂ ਜਾਰੀ 1 ਕਰੋੜ 63 ਲੱਖ ਦੀ ਰਾਸ਼ੀ 5 ਅਯੋਗ ਲੋਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਗਈ ਸੀ।ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
The post ਗੁਰਦਾਸਪੁਰ SDM ਅਨੁਪ੍ਰੀਤ ਕੌਰ ਰੰਧਾਵਾ ਗ੍ਰਿਫ਼ਤਾਰ; ਲੱਗੇ ਗੰਭੀਰ ਇਲਜ਼ਾਮ! appeared first on Punjab Star.
