ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਆਲਟੋ ਕਾਰ ਵਿੱਚ ਸਵਾਰ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਗੁਰਦਾਸਪੁਰ-ਬਟਾਲਾ ਰੋਡ ‘ਤੇ ਨੌਸ਼ਹਿਰਾ ਮੱਝਾ ਸਿੰਘ ਨੇੜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਕਾਰ ਕੱਟ ਕੇ ਕੱਢੀਆਂ ਗਈਆਂ ਲਾਸ਼ਾਂ
ਸਥਾਨਕ ਲੋਕਾਂ ਮੁਤਾਬਕ ਸਵੇਰੇ ਕਰੀਬ 4 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਲੋਕ ਜਦੋਂ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਬੁਰੀ ਤਰ੍ਹਾਂ ਤਬਾਹ ਹੋਈ ਆਲਟੋ ਕਾਰ ਵੇਖੀ। ਕਾਰ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਗੱਡੀ ਨੂੰ ਕੱਟਣਾ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਅਨੁਸਾਰ, ਕਾਰ ਵਿੱਚ ਸਵਾਰ ਸਾਰੇ ਨੌਜਵਾਨ ਪਠਾਨਕੋਟ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਭਦਰੋਆ ਦੀ ਟੀਚਰ ਕਾਲੋਨੀ ਦੇ ਰਹਿਣ ਵਾਲੇ 31 ਸਾਲਾ ਵਿਕਰਮ ਉਰਫ਼ ਵਿੱਕੀ ਵਜੋਂ ਹੋਈ ਹੈ। ਉਹ ਪਠਾਨਕੋਟ ਵਿੱਚ ਸਲੀਪਵੈਲ ਮੈਟ੍ਰੈੱਸ ਦੇ ਸ਼ੋਰੂਮ ਵਿੱਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਹੋਇਆ ਸੀ। ਵਿਕਰਮ ਦੇ ਦੋ ਬੱਚੇ ਵੀ ਹਨ।
ਪੁਲਿਸ ਕਰ ਰਹੀ ਹਾਦਸੇ ਦੀ ਜਾਂਚ
ਪੁਲਿਸ ਅਧਿਕਾਰੀ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ ਅਤੇ ਕਿਸ ਵਾਹਨ ਨਾਲ ਟੱਕਰ ਹੋਈ, ਇਸ ਬਾਰੇ ਅਜੇ ਤੱਕ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ। ਮੌਕੇ ਦੀ ਸਥਿਤੀ ਦੇਖ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਆਲਟੋ ਕਾਰ ਕਿਸੇ ਅਣਪਛਾਤੇ ਭਾਰੀ ਵਾਹਨ, ਜਿਵੇਂ ਟਰੱਕ ਜਾਂ ਟ੍ਰਾਲੇ, ਨਾਲ ਜਾ ਟਕਰਾਈ ਹੋਵੇਗੀ। ਪੁਲਿਸ ਵੱਲੋਂ ਬਾਕੀ ਤਿੰਨ ਨੌਜਵਾਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
The post ਗੁਰਦਾਸਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਆਲਟੋ ਕਾਰ ਕੱਟ ਕੇ ਕੱਢੇ 4 ਨੌਜਵਾਨ appeared first on Punjab Star.
