ਨਵੀ ਦਿੱਲੀ : ਰੌਇਲ ਚੈਲੇਂਜਰਜ਼ ਬੈਂਗਲੁਰੂ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ ਹਰਾ ਕੇ ਆਈ.ਪੀ.ਐੱਲ. 2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਆਰ.ਸੀ.ਬੀ. ਨੇ ਇਸ ਤਰ੍ਹਾਂ ਲਗਾਤਾਰ ਦੂਜੀ ਵਾਰ ਆਈ.ਪੀ .ਐੱਲ. ਦਾ ਖ਼ਿਤਾਬ ਜਿੱਤਿਆ ਹੈ। ਆਰ.ਸੀ.ਬੀ. ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੂੰ ਪੰਜ ਵਿਕਟਾਂ ਨਾਲ ਹਰਾਇਆ।
ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 155 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਆਰ.ਸੀ.ਬੀ. ਨੇ 18 ਓਵਰਾਂ ਵਿੱਚ ਪੰਜ ਵਿਕਟਾਂ ‘ਤੇ 161 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਆਈ.ਪੀ.ਐੱਲ. 2026 ਦੀ ਚਮਕਦੀ ਟਰਾਫੀ ਚੁੱਕਣ ਦੇ ਨਾਲ ਹੀ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ ਨੂੰ 20 ਕਰੋੜ ਰੁਪਏ ਦੀ ਭਾਰੀ-ਭਰਕਮ ਇਨਾਮੀ ਰਾਸ਼ੀ ਦਿੱਤੀ ਗਈ। ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਤੋਂ ਬਾਅਦ ਆਰ.ਸੀ.ਬੀ. ਇਸ ਉਪਲਬਧੀ ਨੂੰ ਆਪਣੇ ਨਾਮ ਕਰਨ ਵਾਲੀ ਤੀਜੀ ਟੀਮ ਬਣੀ ਹੈ।ਫਾਈਨਲ ਮੁਕਾਬਲਾ ਹਾਰਨ ਦੇ ਬਾਵਜੂਦ ਉਪ-ਜੇਤੂ ਰਹੀ ਗੁਜਰਾਤ ਟਾਈਟਨਸ ਖਾਲੀ ਹੱਥ ਨਹੀਂ ਪਰਤੀ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇਸ ਟੀਮ ਨੂੰ 13 ਕਰੋੜ ਰੁਪਏ ਮਿਲੇ।
ਬੀ.ਸੀ.ਸੀ.ਆਈ. ਨੇ ਸਿਰਫ਼ ਫਾਈਨਲ ਖੇਡਣ ਵਾਲੀਆਂ ਟੀਮਾਂ ਨੂੰ ਹੀ ਨਹੀਂ, ਬਲਕਿ ਪਲੇਅ-ਆਫ਼ ਤੱਕ ਦਾ ਸਫ਼ਰ ਤੈਅ ਕਰਨ ਵਾਲੀਆਂ ਬਾਕੀ ਦੋਵਾਂ ਟੀਮਾਂ ਨੂੰ ਵੀ ਕਰੋੜਾਂ ਦੇ ਇਨਾਮਾਂ ਨਾਲ ਨਿਵਾਜਿਆ। ਕੁਆਲੀਫਾਇਰ-2 ਵਿੱਚ ਹਾਰਨ ਵਾਲੀ ਰਾਜਸਥਾਨ ਦੀ ਟੀਮ ਨੂੰ 7 ਕਰੋੜ ਰੁਪਏ ਮਿਲੇ। ਐਲੀਮੀਨੇਟਰ ਮੈਚ ਵਿੱਚ ਬਾਹਰ ਹੋਣ ਵਾਲੀ ਹੈਦਰਾਬਾਦ ਦੀ ਟੀਮ ਨੂੰ 6.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ।
ਬੀ.ਸੀ.ਸੀ.ਆਈ. ਨੇ ਆਈ.ਪੀ. ਐੱਲ. 2026 ਲਈ ਕੁੱਲ 46.5 ਕਰੋੜ ਰੁਪਏ ਤੋਂ ਵੱਧ ਦਾ ਪ੍ਰਾਈਜ਼ ਪੂਲ ਤਿਆਰ ਕੀਤਾ ਸੀ, ਜੋ ਕਿ ਚੋਟੀ ਦੀਆਂ 4 ਟੀਮਾਂ ਵਿਚਕਾਰ ਵੰਡਿਆ ਗਿਆ। ਪੰਜਵੇਂ ਤੋਂ ਦਸਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕੋਈ ਅਧਿਕਾਰਤ ਪ੍ਰਾਈਜ਼ ਮਨੀ ਨਹੀਂ ਮਿਲਦੀ ਹੈ।
The post ਲਗਾਤਾਰ ਦੂਜੀ ਵਾਰ ਚੈਂਪੀਅਨ ਬਣੀ RCB ‘ਤੇ ਹੋਈ ਕਰੋੜਾਂ ਦੀ ਬਾਰਿਸ਼! ਉਪ ਜੇਤੂ ਟੀਮ ਦੇ ਵੀ ਹੱਥ ਨਹੀਂ ਰਹੇ ਖਾਲੀ appeared first on Punjab Star.
