ਪੰਜਾਬ ‘ਚ ਵਧੀ ਸਿਆਸੀ ਹਲਚਲ! ਭੂਪੇਸ਼ ਬਘੇਲ ਨਾਲ ਮੁਲਾਕਾਤ ਤੋਂ ਪਹਿਲਾਂ ਚੰਨੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਬਾਗੀ ਆਗੂਆਂ ਦੀ ਅਗਵਾਈ ਕਰ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਾਰਟੀ ਦੇ ਸੂਬਾ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕਰਨ ਵਾਲੇ ਹਨ। ਬੀਤੀ ਸ਼ਾਮ ਚੰਨੀ ਨੇ ਟਵੀਟ ਕਰ ਕੇ ਭੂਪੇਸ਼ ਬਘੇਲ ਨਾਲ ਹੋਣ ਵਾਲੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦਾ ਸਮਾਂ 11 ਵਜੇ ਰੱਖਿਆ ਗਿਆ ਸੀ ਪਰ ਭੂਪੇਸ਼ ਬਘੇਲ ਕਰੀਬ ਸਵਾ ਘੰਟੇ ਬਾਅਦ ਪਹੁੰਚੇ। ਬੈਠਕ ਤੋਂ ਪਹਿਲਾਂ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ‘ਤੇਲ ਦੇਖਾਂਗੇ ਤੇ ਤੇਲ ਦੀ ਧਾਰ ਦੇਖਾਗੇ, ਫਿਰ ਅਗਲਾ ਫੈਸਲਾ ਲਵਾਂਗੇ।’

ਚੰਨੀ ਗੁੱਟ ਦੇ ਵਿਧਾਇਕ ਰਾਣਾ ਗੁਰਜੀਤ ਦੇ ਘਰ ਬੈਠਕ ਲਈ ਆਗੂ ਪਹੁੰਚਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਚੰਨੀ ਦੇ ਬਿਆਨ ਨੇ ਬੈਠਕ ਦੇ ਏਜੰਡੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ 2-3 ਆਗੂਆਂ ਨਾਲ ਮਿਲਣ ਲਈ ਕਿਹਾ ਸੀ। ਫਿਰ ਵੀ ਚੰਨੀ ਗੁੱਟ ਦੇ ਕਰੀਬ 80 ਆਗੂ ਇੱਥੇ ਪਹੁੰਚ ਕੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ।

ਉੱਥੇ ਹੀ ਸੂਬਾ ਪ੍ਰਧਾਨ ਵੜਿੰਗ ਨੇ ਕਿਹਾ ਕਿ ਮੈਨੂੰ ਮੀਟਿੰਗ ਦਾ ਸੱਦਾ ਨਹੀਂ ਮਿਲਿਆ, ਇਸ ਲਈ ਮੈਂ ਨਹੀਂ ਜਾਵਾਂਗਾ। ਦੱਸ ਦਈਏ ਕਿ ਹਾਈਕਮਾਂਡ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅਮਰਿੰਦਰ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਉਣਗੇ। ਚੰਨੀ ਗੁੱਟ ਦੀ ਸ਼ਰਤ ਮੁਤਾਬਕ ਇਸ ਮੀਟਿੰਗ ਵਿੱਚ ਪ੍ਰਧਾਨ ਰਾਜਾ ਵੜਿੰਗ ਨੂੰ ਨਹੀਂ ਬੁਲਾਇਆ ਗਿਆ ਹੈ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਵਿਚਾਰਾਂ ਦੇ ਵਖਰੇਵੇਂ ਦਾ ਸਵਾਲ ਹੈ, ਇਸ ਨੂੰ ਬਗਾਵਤ ਦਾ ਨਾਂ ਨਾ ਦਿੱਤਾ ਜਾਵੇ। ਜਦੋਂ ਸਾਰੇ ਸੀਨੀਅਰ ਆਗੂ ਬੈਠਣਗੇ ਤਾਂ ਯਕੀਨੀ ਤੌਰ ‘ਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

The post ਪੰਜਾਬ ‘ਚ ਵਧੀ ਸਿਆਸੀ ਹਲਚਲ! ਭੂਪੇਸ਼ ਬਘੇਲ ਨਾਲ ਮੁਲਾਕਾਤ ਤੋਂ ਪਹਿਲਾਂ ਚੰਨੀ ਨੇ ਦਿੱਤਾ ਵੱਡਾ ਬਿਆਨ appeared first on Punjab Star.

Related Posts